ਪਟਿਆਲਾ ਜੇਲ ਸੁਪਰੀਡੈਂਟ ਦੀ ਤਾਇਨਾਤੀ 'ਤੇ ਘਿਰੀ 'ਮਾਨ ਸਰਕਾਰ', ਬਾਦਲ ਪਰਿਵਾਰ ਨਾਲ ਨੇੜਤਾ ਹੋਈ ਉਜਾਗਰ

ਪੰਜਾਬ ਦੀ ਸੱਤਾ 'ਤੇ ਆਮ ਆਦਮੀ ਪਾਰਟੀ ਨੂੰ ਕਾਬਜ਼ ਹੋਇਆਂ ਨੂੰ ਅਜੇ ਕੁਝ ਹੀ ਦਿਨ ਲੰਘੇ ਹਨ ਕਿ ਇਨ੍ਹਾਂ ਦਿਨਾਂ ਵਿਚ ਪੰਜਾਬ ਸਰਕਾਰ ਵਲੋਂ

ਚੰਡੀਗੜ੍ਹ : ਪੰਜਾਬ ਦੀ ਸੱਤਾ 'ਤੇ ਆਮ ਆਦਮੀ ਪਾਰਟੀ ਨੂੰ ਕਾਬਜ਼ ਹੋਇਆਂ ਨੂੰ ਅਜੇ ਕੁਝ ਹੀ ਦਿਨ ਲੰਘੇ ਹਨ ਕਿ ਇਨ੍ਹਾਂ ਦਿਨਾਂ ਵਿਚ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲਿਆਂ ਕਾਰਣ ਜਿੱਥੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਉਥੇ ਹੀ ਕੁਝ ਫੈਸਲਿਆਂ ਕਾਰਣ ਪੰਜਾਬ ਸਰਕਾਰ 'ਤੇ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਹਨ। ਦਰਅਸਲ ਪਟਿਆਲਾ ਸੈਂਟਰਲ ਜੇਲ ਦੇ ਸੁਪਰੀਡੈਂਟ ਨੂੰ ਬਦਲਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਉਠਣ ਲੱਗੇ ਹਨ। ਇਸੇ ਜੇਲ 'ਚ ਡਰੱਗਜ਼ ਕੇਸ 'ਚ ਫਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਬੰਦ ਹਨ। ਹੁਣ ਜੇਲ ਮੰਤਰੀ ਹਰਜੋਤ ਬੈਂਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਵਧੇਰੇ ਨੇੜਤਾ ਵਾਲੇ ਸੁੱਚਾ ਸਿੰਘ ਨੂੰ ਇਥੇ ਸੁਪਰੀਡੈਂਟ ਲਗਾ ਦਿੱਤਾ ਗਿਆ ਹੈ।

ਖਾਸ ਗੱਲ ਇਹ ਹੈ ਕਿ ਪਹਿਲਾਂ ਤੋਂ ਇਥੇ ਤਾਇਨਾਤ ਸ਼ਿਵਰਾਜ ਸਿੰਘ ਨੂੰ ਇਸੇ ਕਾਰਣ ਹਟਾਇਆ ਗਿਆ ਹੈ ਕਿ ਉਹ ਮਜੀਠੀਆ ਨੂੰ ਵੀ.ਆਈ.ਪੀ. ਟ੍ਰੀਟਮੈਂਟ ਦੇ ਰਹੇ ਸਨ। ਹੁਣ ਸਵਾਲ ਉਠ ਰਿਹਾ ਹੈ ਕਿ ਆਪ ਸਰਕਾਰ ਮਜੀਠੀਆ ਨੂੰ ਵੀ.ਆਈ.ਪੀ. ਟ੍ਰੀਟਮੈਂਟ ਤੋਂ ਰੋਕਣਾ ਚਾਹੁੰਦੀ ਹੈ ਜਾਂ ਫਿਰ ਦੇਣਾ ਚਾਹੁੰਦੀ ਹੈ। ਆਪ ਸਰਕਾਰ ਵਿਚ ਜੇਲ ਮੰਤਰੀ ਹਰਜੋਤ ਬੈਂਸ ਨੇ 2 ਦਿਨ ਪਹਿਲਾਂ ਪਟਿਆਲਾ ਜੇਲ ਦਾ ਦੌਰਾ ਕੀਤਾ ਸੀ। ਉਸ ਤੋਂ ਬਾਅਦ ਅਚਾਨਕ ਕਲ ਜੇਲ ਸੁਪਰੀਡੈਂਟ ਨੂੰ ਬਦਲ ਦਿੱਤਾ ਗਿਆ। ਜਿਵੇਂ ਹੀ ਸ਼ਿਵਰਾਜ ਦੀ ਥਾਂ ਸੁੱਚਾ ਸਿੰਘ ਨੂੰ ਲਗਾਇਆ ਗਿਆ ਤਾਂ ਉਨ੍ਹਾਂ ਦੀ ਬਾਦਲ ਪਰਿਵਾਰ ਨਾਲ ਨੇੜਤਾ ਵੀ ਲੁਕੀ ਨਾ ਰਹੀ।

1 ਮਾਰਚ ਨੂੰ ਸੁਖਬੀਰ ਬਾਦਲ ਮਜੀਠੀਆ ਨਾਲ ਮੁਲਾਕਾਤ ਕਰਨ ਗਏ ਸਨ। ਇਸ ਪਿੱਛੋਂ ਉਹ ਕੁਝ ਦੇਰ ਤੱਕ ਪਟਿਆਲਾ ਜੇਲ ਕੰਪਲੈਕਸ ਵਿਚ ਅਤੇ ਬਾਅਦ ਵਿਚ ਉਸ ਸਮੇਂ ਦੇ ਚੀਫ ਵੈਲਫੇਅਰ ਅਫਸਰ ਰਹੇ ਸੁੱਚਾ ਸਿੰਘ ਦੇ ਘਰ ਰੁਕੇ ਸਨ। ਇਸ ਦੌਰਾਨ ਸੁਖਬੀਰ ਬਾਦਲ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਸਨ। ਇਸ ਦੀਆਂ ਤਸਵੀਰਾਂ ਵੀ ਹੁਣ ਬਾਹਰ ਆ ਰਹੀਆਂ ਹਨ। ਇਸੇ ਸੁੱਚਾ ਸਿੰਘ ਨੂੰ ਹੁਣ ਜੇਲਰ ਲਗਾਇਆ ਹੈ। ਪਟਿਆਲਾ ਸੈਂਟਰਲ ਜੇਲ ਦੇ ਨਵੇਂ ਸੁਪਰੀਡੈਂਟ ਨੇ ਮੀਡੀਆ ਨਾਲ ਗੱਲਬਾਤ ਵਿਚ ਦੱਸਿਆ ਕਿ ਉਹ ਇਸ ਗੱਲ ਤੋਂ ਨਾਂਹ ਨਹੀਂ ਕਰਦੇ ਕਿ ਉਨ੍ਹਾਂ ਦੀ ਬਾਦਲ ਪਰਿਵਾਰ ਨਾਲ ਨੇੜਤਾ ਹੈ। ਉਨ੍ਹਾਂ ਨੇ ਕਿਹਾ ਕਿ 2003 ਵਿਚ ਉਹ ਜੇਲ ਵਿਚ ਤਾਇਨਾਤ ਸਨ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਉਥੇ ਬੰਦ ਰਹੇ।

ਇਕ ਅਫਸਰ ਵਜੋਂ ਬੰਦੀਆਂ ਨਾਲ ਨੇੜਤਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਇਸ ਲਈ ਮੈਂ ਉਨ੍ਹਾਂ ਨੂੰ ਚਾਹ 'ਤੇ ਸੱਦਿਆ ਸੀ। ਮੈਂ ਕਿਸੇ ਵੀ ਪੁਰਾਣੇ ਬੰਦੀ ਨੂੰ ਚਾਹ 'ਤੇ ਸੱਦ ਸਕਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਕਦੇ ਪੋਸਟਿੰਗ ਲਈ ਨਹੀਂ ਕਿਹਾ। ਵਿਭਾਗ ਮੁਖੀ ਨੇ ਮੇਰੀ ਸਾਫ ਸਾਖ ਦੀ ਬਦੌਲਤ ਹੀ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਪੰਜਾਬ ਦੇ ਏ.ਡੀ.ਜੀ.ਪੀ. ਜੇਲ ਪੀ.ਕੇ. ਸਿਨ੍ਹਾ ਨੇ ਕਿਹਾ ਕਿ ਇਹ ਹੁਕਮ ਮੰਤਰੀ ਦੇ ਦਖਲ ਤੋਂ ਬਾਅਦ ਜਾਰੀ ਕੀਤੇ ਗਏ ਹਨ। ਮੈਂ ਇਸ ਸਬੰਧੀ ਹੋਰ ਕੁਝ ਨਹੀਂ ਕਹਿਣਾ। ਇਸ ਬਾਰੇ ਮੰਤਰੀ ਹਰਜੋਤ ਬੈਂਸ ਨਾਲ ਸੰਪਰਕ ਨਹੀਂ ਹੋ ਸਕਿਆ।

Get the latest update about Minister Harjot Bains Sukhbir Badal Truescoopnews Latest news Punjab news, check out more about Jail Minister & Punjab Government

Like us on Facebook or follow us on Twitter for more updates.