ਜੀ-20 ਸੰਮੇਲਨ: ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਖ਼ਰਚੇ ਜਾਣਗੇ 100 ਕਰੋੜ ਰੁਪਏ

ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਪ੍ਰਧਾਨਗੀ ਹੇਠ ਸਬ-ਕੈਬਨਿਟ ਕਮੇਟੀ ਦੀ ਮੀਟਿੰਗ ਹੋਈ...

ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਪ੍ਰਧਾਨਗੀ ਹੇਠ ਸਬ-ਕੈਬਨਿਟ ਕਮੇਟੀ ਦੀ ਮੀਟਿੰਗ ਹੋਈ। ਇਸ ਸਬ-ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬੈਂਸ ਅਤੇ ਹਰਭਜਨ ਸਿੰਘ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਜੀ-20 ਸੰਮੇਲਨ 15 ਤੋਂ 17 ਮਾਰਚ, 2023 ਤੱਕ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਹੋਣ ਜਾ ਰਿਹਾ ਹੈ ਅਤੇ ਇਸ ਵਿੱਚ ਜੀ-20 ਦੇਸ਼ਾਂ ਦੇ ਰਾਜ ਮੁਖੀਆਂ ਅਤੇ ਹੋਰ ਅੰਤਰਰਾਸ਼ਟਰੀ ਪੱਧਰ ਦੇ ਆਗੂ ਡੈਲੀਗੇਟ ਹਿੱਸਾ ਲੈਣਗੇ। 


ਉਨ੍ਹਾਂ ਕਿਹਾ ਕਿ ਇਹ ਅੰਤਰਰਾਸ਼ਟਰੀ ਸਮਾਗਮ ਪੰਜਾਬ ਵਿੱਚ ਹੋਣ ਜਾ ਰਿਹਾ ਹੈ, ਜੋਕਿ ਮਾਣ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਇਸ ਸੰਮੇਲਨ ਲਈ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ’ਤੇ ਲਗਭਗ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿਸ਼ਵ ਪੱਧਰੀ ਸਮਾਗਮ ਦੀ ਸਫ਼ਲਤਾ ਲਈ ਵਿਆਪਕ ਪ੍ਰਬੰਧ ਕੀਤੇ ਜਾਣਗੇ, ਇਸ ਅੰਤਰਰਾਸ਼ਟਰੀ ਸਮਾਗਮ ਨਾਲ ਜਿੱਥੇ ਸੂਬਾ ਵਿਸ਼ਵ ਸੈਰ-ਸਪਾਟੇ ਦੇ ਨਕਸ਼ੇ 'ਤੇ ਉਭਰੇਗਾ, ਉੱਥੇ ਹੀ ਇਸ ਨਾਲ ਸੂਬੇ ਵਿੱਚ ਨਿਵੇਸ਼ ਨੂੰ ਵੀ ਹੁਲਾਰਾ ਮਿਲੇਗਾ।
ਇਸ ਮੌਕੇ ਉਨ੍ਹਾਂ ਸ਼ਹਿਰ ਦੀ ਸੁੰਦਰਤਾ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਜੋ ਵੀ ਕੰਮ ਕੀਤਾ ਜਾਵੇਗਾ, ਉਹ ਸਿਰਫ਼ ਪ੍ਰੋਗਰਾਮ ਲਈ ਹੀ ਨਹੀਂ ਹੋਵੇਗਾ, ਸਗੋਂ ਲੋੜ ਅਨੁਸਾਰ ਮਜ਼ਬੂਤ ​​ਅਤੇ ਟਿਕਾਊ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਕੀਤੇ ਜਾਣ ਵਾਲੇ ਕੰਮਾਂ ਵਿੱਚ ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ, ਗਰੀਨ ਬੈਲਟ ਬਣਾਉਣਾ, ਗੋਲਡਨ ਗੇਟ ਦੀ ਪੇਂਟਿੰਗ, ਸਾਲਿਡ ਵੇਸਟ ਮੈਨੇਜਮੈਂਟ ਵਿੱਚ ਸੁਧਾਰ, ਸਾਈਨ ਬੋਰਡ ਅਤੇ ਬਿਜਲੀ ਸ਼ਾਮਲ ਹਨ।

Get the latest update about Inderbir Singh Nijjar, check out more about harjot bains, Kuldeep Singh AAP, Punjab & G20 Summit Amritsar

Like us on Facebook or follow us on Twitter for more updates.