ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਸਿੱਦੀਕੀ ਨੇ ਸ਼ੁੱਕਰਵਾਰ ਨੂੰ ਵਰਸੋਵਾ ਪੁਲਸ ਸਟੇਸ਼ਨ 'ਚ ਆਪਣੇ ਪਤੀ ਖਿਲਾਫ ਕਥਿਤ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸਾਲ 2021 'ਚ ਨਵਾਜ਼ੂਦੀਨ ਸਿੱਦੀਕੀ ਨੂੰ ਤਲਾਕ ਦਾ ਨੋਟਿਸ ਦੇਣ ਵਾਲੀ ਆਲੀਆ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦਾ ਐਲਾਨ ਕੀਤਾ ਹੈ, ਹਾਲਾਂਕਿ ਪੁਲਸ ਅਧਿਕਾਰੀਆਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਲੀਆ ਨੇ ਵੀਡੀਓ ਪੋਸਟ 'ਚ ਕਿਹਾ ਕਿ ਵੀਰਵਾਰ ਨੂੰ ਵਰਸੋਵਾ ਪੁਲਸ ਸਟੇਸ਼ਨ 'ਚ ਸਬੂਤਾਂ ਦੇ ਨਾਲ ਰੇਪ ਦੀ ਸ਼ਿਕਾਇਤ ਦਰਜ ਕਰਵਾਈ। ਆਲੀਆ ਨੇ ਕਿਹਾ, ਕੁਝ ਵੀ ਹੋ ਜਾਵੇ, ਮੈਂ ਆਪਣੇ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਜ਼ਾਲਮ ਹੱਥਾਂ 'ਚ ਨਹੀਂ ਪੈਣ ਦੇਵਾਂਗੀ।
ਰਿਪੋਰਟ ਮੁਤਾਬਕ ਨਵਾਜ਼ੂਦੀਨ ਸਿੱਦੀਕੀ ਅਤੇ ਆਲੀਆ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ। ਇਹ ਜੋੜਾ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਦੂਜੇ 'ਤੇ ਵੱਖ-ਵੱਖ ਘਰੇਲੂ ਅਤੇ ਨਿੱਜੀ ਮੁੱਦਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਜੋੜੇ ਦੇ ਦੋ ਬੱਚੇ ਹਨ, ਬੇਟੀ ਸ਼ੋਰਾ ਅਤੇ ਬੇਟਾ ਯਾਨੀ। ਜਨਵਰੀ 2022 ਵਿੱਚ, ਨਵਾਜ਼ੂਦੀਨ ਦੀ ਮਾਂ ਨੇ ਅਭਿਨੇਤਾ ਦੇ ਘਰ ਵਿੱਚ ਕਥਿਤ ਤੌਰ 'ਤੇ ਘੁਸਪੈਠ ਕਰਨ ਲਈ ਆਲੀਆ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਉਸਨੇ (ਆਲੀਆ) ਨੇ ਆਪਣੀ ਸੱਸ ਦੇ ਖਿਲਾਫ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਜਵਾਬੀ ਸ਼ਿਕਾਇਤ ਦਰਜ ਕਰਵਾਈ।
ਇਸ ਵਾਰ ਆਲੀਆ ਨੇ ਆਪਣੀ ਸੱਸ ਨੂੰ ਬੇਰਹਿਮ ਦੱਸਿਆ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਮੇਰੇ ਮਾਸੂਮ ਬੱਚੇ ਨੂੰ ਨਾਜਾਇਜ਼ ਕਿਹਾ, ਇਸ 'ਤੇ ਨਵਾਜ਼ੂਦੀਨ ਚੁੱਪ ਰਹੇ। ਆਲੀਆ ਨੇ ਬੱਚਿਆਂ ਦੀ ਕਸਟਡੀ ਮੰਗਣ 'ਤੇ ਨਵਾਜ਼ੂਦੀਨ ਨੂੰ ਤਾੜਨਾ ਕਰਦੇ ਹੋਏ ਜਵਾਬ ਦਿੱਤਾ ਕਿ ਉਸਨੇ ਕਦੇ ਬੱਚਿਆਂ ਦੀ ਖੁਸ਼ੀ ਦਾ ਅਨੁਭਵ ਨਹੀਂ ਕੀਤਾ, ਉਸਨੂੰ ਡਾਇਪਰ ਪਾਉਣਾ ਵੀ ਨਹੀਂ ਪਤਾ ਸੀ, ਉਸਨੂੰ ਇਹ ਵੀ ਨਹੀਂ ਪਤਾ ਸੀ ਕਿ ਸਾਡੇ ਬੱਚੇ ਕਦੋਂ ਵੱਡੇ ਹੋ ਗਏ ਹਨ। ਅਤੇ ਹੁਣ ਉਹ ਮੇਰੇ ਬੱਚਿਆਂ ਨੂੰ 'ਚੋਰੀ' ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਇੱਕ ਚੰਗਾ ਪਿਤਾ ਹੈ।
ਆਲੀਆ ਨੇ ਦਲੀਲ ਦਿੱਤੀ ਕਿ ਉਸਨੇ ਹਮੇਸ਼ਾ ਨਵਾਜ਼ੂਦੀਨ ਨੂੰ ਆਪਣਾ ਪਤੀ ਮੰਨਿਆ ਸੀ, ਪਰ ਉਸਨੇ ਕਦੇ ਵੀ ਉਸਨੂੰ ਆਪਣੀ ਪਤਨੀ ਵਜੋਂ ਸਵੀਕਾਰ ਨਹੀਂ ਕੀਤਾ, ਹਾਲਾਂਕਿ ਉਸਨੇ ਉਸਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਸਾਲ ਦਿੱਤੇ ਸਨ। ਆਲੀਆ ਨੇ ਦੋਸ਼ ਲਾਇਆ ਕਿ ਨਵਾਜ਼ੂਦੀਨ ਨੇ ਉਸ ਨੂੰ ਹਰ ਪਾਸਿਓਂ ਕਮਜ਼ੋਰ ਕਰ ਦਿੱਤਾ ਹੈ। ਪਰ ਉਨ੍ਹਾਂ ਨੂੰ ਅਦਾਲਤਾਂ ਅਤੇ ਕਾਨੂੰਨ 'ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਫੈਸਲਾ ਉਨ੍ਹਾਂ ਦੇ ਹੱਕ 'ਚ ਹੀ ਹੋਵੇਗਾ।