ਪੰਜਾਬ 'ਚ ਕਹਿਰ ਬਣ ਵਰ੍ਹ ਰਿਹੈ ਕੋਰੋਨਾ, ਹਰੇਕ ਘੰਟੇ ਹੋ ਰਹੀ 3 ਲੋਕਾਂ ਦੀ ਮੌਤ

ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਪੰਜਾਬ ਵਿਚ ਵਧਦਾ ਹੀ ਜਾ ਰਿਹਾ ਹੈ। ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਮਹਾਮਾਰੀ ਦਾ ਸਭ...

ਜਲੰਧਰ: ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਪੰਜਾਬ ਵਿਚ ਵਧਦਾ ਹੀ ਜਾ ਰਿਹਾ ਹੈ। ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਮਹਾਮਾਰੀ ਦਾ ਸਭ ਤੋਂ ਭਿਆਨਕ ਦੌਰ ਮੌਜੂਦਾ ਸਮੇਂ ਵਿਚ ਚੱਲ ਰਿਹਾ ਹੈ। ਜੇਕਰ ਅਪ੍ਰੈਲ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਇਕੱਲੇ ਮਹੀਨੇ ਵਿਚ ਹਰੇਕ ਘੰਟੇ ਤਿੰਨ ਲੋਕ ਇਸ ਮਹਾਮਾਰੀ ਦੀ ਭੇਂਟ ਚੜ੍ਹ ਰਹੇ ਹਨ।

1 ਤੋਂ 28 ਅਪ੍ਰੈਲ ਦੇ ਵਿਚਾਲੇ ਕੁੱਲ 1,18,020 ਲੋਕ ਕੋਰੋਨਾ ਦੀ ਲਪੇਟ ਵਿਚ ਆਏ ਤੇ ਇਨ੍ਹਾਂ ਵਿਚੋਂ 1904 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਜੇਕਰ ਇਸ ਸਮੇਂ ਦੌਰਾਨ ਮੌਤ ਦਰ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਘੰਟੇ ਵਿਚ 2.83 ਮੌਤਾਂ ਹੋਈਆਂ ਹਨ। ਇਸ ਦੇ ਮੁਕਾਬਲੇ ਬੀਤੇ ਮਾਰਚ ਮਹੀਨੇ ਵਿਚ 2.63 ਮੌਤਾਂ ਦਰਜ ਕੀਤੀਆਂ ਗਈਆਂ ਸਨ ਜੋ ਕਿ ਪਿਛਲਾ ਰਿਕਾਰਡ ਸੀ। ਇਥੇ ਦੱਸਣਾ ਬਣਦਾ ਹੈ ਕਿ ਕੋਰੋਨਾ ਦੀ ਪਹਿਲੀ ਲਹਿਰ ਵਿਚਾਲੇ ਜਦੋਂ ਪੰਜਾਬ ਵਿਚ ਸਭ ਤੋਂ ਬੁਰੇ ਹਾਲਾਤ ਸਨ ਤਾਂ ਉਦੋਂ ਮੌਤ ਦਰ 1.39 ਪ੍ਰਤੀ ਘੰਟਾ ਸੀ।

5 ਅਪ੍ਰੈਲ ਨੂੰ ਸੂਬੇ ਵਿਚ 49 ਲੋਕਾਂ ਨੇ ਆਪਣੀ ਜਾਨ ਗੁਆਈ ਤੇ ਇਸ ਤੋਂ ਬਾਅਦ ਤੋਂ ਸੂਬੇ ਵਿਚ ਮੌਤਾਂ ਦੀ ਗਿਣਤੀ 50 ਤੋਂ ਉਪਰ ਰਹੀ ਹੈ। ਇਸ ਤੋਂ ਬਾਅਦ ਬੀਤੇ ਦਿਨ 28 ਅਪ੍ਰੈਲ ਨੂੰ 142 ਲੋਕਾਂ ਨੇ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਦਿੱਤੀ।

ਹਾਲ ਦੇ ਹਫਤਿਆਂ ਵਿਚ ਸੂਬੇ ਵਿਚ ਮੌਤਾਂ ਵਿਚ ਤਕਰੀਬਨ 33 ਫੀਸਦ ਦਾ ਉਛਾਲ ਆਇਆ ਹੈ। ਬੀਤੇ ਹਫਤੇ ਵਿਚ ਹੋਈਆਂ 589 ਮੌਤਾਂ ਵਿਚ ਸਭ ਤੋਂ ਵਧੇਰੇ ਅੰਮ੍ਰਿਤਸਰ (76) ਦੇ ਮਾਮਲੇ ਹਨ। ਇਸ ਤੋਂ ਬਾਅਦ ਲੁਧਿਆਣਾ ਵਿਚ 64, ਪਟਿਆਲਾ ਵਿਚ 62 ਤੇ ਮੋਹਾਲੀ ਵਿਚ 56 ਲੋਕਾਂ ਨੇ ਆਪਣੀ ਜਾਨ ਗੁਆਈ। ਇਸ ਦੇ ਨਾਲ ਹੀ ਹਾਲ ਦੇ ਹਫਤਿਆਂ ਵਿਚ ਰੋਜ਼ਾਨਾਂ ਦੇ ਨਵੇਂ ਮਾਮਲਿਆਂ ਤੇ ਗੰਭੀਰ ਰੋਗੀਆਂ ਦੀ ਗਿਣਤੀ ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ। 28 ਅਪ੍ਰੈਲ ਦੀ ਰਿਪੋਰਟ ਮੁਤਾਬਕ 97 ਲੋਕ ਇਸ ਵੇਲੇ ਗੰਭੀਰ ਹਾਲਤ ਵਿਚ ਤੇ ਵੈਂਟੀਲੇਟਰ ਉੱਤੇ ਹਨ ਤੇ 700 ਲੋਕਾਂ ਨੂੰ ਆਕਸੀਜਨ ਸਪੋਰਟ ਉੱਤੇ ਰੱਖਿਆ ਗਿਆ ਹੈ।

ਜੇਕਰ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ 1 ਜਨਵਰੀ ਤੋਂ 27 ਅਪ੍ਰੈਲ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ 3,289 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਮਹਾਰਾਸ਼ਟਰ ਤੋਂ ਬਾਅਦ ਦੇਸ਼ ਵਿਚ ਪੰਜਵੀਂ ਵੱਡੀ ਗਿਣਤੀ ਹੈ, ਜਿਥੇ 16,658 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਦਿੱਲੀ ਵਿਚ 4473, ਛੱਤੀਸਗੜ ਵਿਚ 4,411, ਉੱਤਰ ਪ੍ਰਦੇਸ਼ ਵਿਚ 3326 ਲੋਕਾਂ ਦੀ ਮੌਤ ਹੋਈ ਹੈ।

ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇਕਰ ਪੰਜਾਬ ਵਿਚ ਗੰਭੀਰ ਹੁੰਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਵੱਡਾ ਕਾਰਨ ਸੂਬੇ ਵਿਚ ਸਿਹਤ ਸੇਵਾਵਾਂ ਵਿਚ ਆ ਰਹੀਆਂ ਦਿੱਕਤਾਂ ਵਧੇਰੇ ਲੱਗ ਰਿਹਾ ਹੈ। ਸੂਬੇ ਵਿਚ ਆਕਸੀਜਨ ਦੀ ਕਮੀ, ਵੈਕਸੀਨ ਦੀ ਘਾਟ ਵੀ ਮੌਤ ਦਰ ਵਧਣ ਦਾ ਇਕ ਕਾਰਨ ਹੈ। ਜਿਥੇ ਇਕ ਪਾਸੇ ਮਹਾਮਾਰੀ ਕਾਰਨ ਲੋਕ ਆਪਣੇ ਘਰਾਂ ਵਿਚ ਕੈਦ ਹੋਣ ਨੂੰ ਮਜਬੂਰ ਹਨ ਉਥੇ ਹੀ ਇਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਸ ਸਬੰਧੀ ਇਲਾਜ ਲਈ ਵੀ ਖਾਸਾ ਜੂਝਣਾ ਪੈ ਰਿਹਾ ਹੈ।

Get the latest update about Pandemic, check out more about Punjab, per hour, Covid19 & Covid deaths

Like us on Facebook or follow us on Twitter for more updates.