(ਲਲਿਤ ਸ਼ਰਮਾ) ਜੰਡਿਆਲਾ ਵਿਚ ਲਵ-ਮੈਰਿਜ ਕਰਾ ਕੇ ਪਰਤ ਰਹੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਲਾੜੇ ਦੇ ਪਿਤਾ ਦੀ ਪੈਲੇਸ ਦੇ ਬਾਹਰ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹਾਲਾਂਕਿ ਕਾਤਲਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉੱਥੇ ਹੀ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲਾੜੀ ਦੇ ਰਿਸ਼ਤੇਦਾਰਾਂ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਸ਼ੱਕ ਦੇ ਆਧਾਰ ਉੱਤੇ ਲਾੜੀ ਦੇ ਇਕ ਰਿਸ਼ਤੇਦਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੰਡਿਆਲਾ ਗੁਰੂ ਦੀ ਲੜਕੀ ਨਾਲ ਲਵ-ਮੈਰਿਜ ਕਰ ਕੇ ਪਰਤੇ ਰਹੇ ਫਤੇਹਗੜ ਸਾਹਿਬ ਦੇ ਲਾੜੇ ਦੇ ਪਿਤਾ ਦੀ ਐਤਵਾਰ ਸ਼ਾਮ ਬਾਈਕ ਸਵਾਰ 3 ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਸਲਵਿੰਦਰ ਸਿੰਘ ਨਿਵਾਸੀ ਪਿੰਡ ਖਮਾਨਾ ਫਤਿਹਗੜ੍ਹ ਸਾਹਿਬ ਦੇ ਰੂਪ ਵਿਚ ਹੋਈ ਹੈ। ਘਟਨਾ ਨੂੰ ਪੈਲੇਸ ਦੇ ਬਾਹਰ ਹੀ ਅੰਜਾਮ ਦਿੱਤਾ ਗਿਆ, ਜਦੋਂ ਵਿਆਹ ਦੇ ਬਾਅਦ ਲਾੜਾ ਅਤੇ ਲਾੜੀ ਦਾ ਫੋਟੋ ਸ਼ੂਟ ਹੋ ਰਿਹਾ ਸੀ। ਇਸ ਦੌਰਾਨ ਲਾੜੇ ਦੇ ਪਿਤਾ ਬਾਹਰ ਆਏ ਤੇ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਨੌਜਵਾਨਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਵਾਪਸ ਜਾਣ ਨੂੰ ਤਿਆਰ ਸਨ। ਉਹ ਕੁੜੀ ਨੂੰ ਰੋਕਣ ਲਈ ਆਏ ਸਨ ਪਰ ਅਸੀਂ ਵਿਆਹ ਦਾ ਜ਼ੋਰ ਦਿੱਤਾ। ਇਸ ਵਿਆਹ ਤੋਂ ਲੜਕੀ ਪਰਿਵਾਰ ਖੁਸ਼ ਨਹੀਂ ਸੀ। ਜਦੋਂ ਫ਼ੋਟੋ ਸ਼ੂਟ ਹੋ ਰਿਹਾ ਸੀ ਤਾਂ ਉਸ ਸਮੇਂ ਲਾੜੇ ਦਾ ਪਿਤਾ ਬਾਹਰ ਆਇਆ ਅਤੇ ਉਸ ਨੂੰ ਤਿੰਨ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ।
ਉਥੇ ਹੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਸ ਦੇ ਮੁਤਾਬਕ ਉਨ੍ਹਾਂ ਨੇ ਇਸ ਮਾਮਲੇ ਵਿਚ ਸ਼ੱਕ ਦੇ ਆਧਾਰ ਉੱਤੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਸ ਕੁਝ ਹੋਰ ਹੀ ਕਹਾਣੀ ਦੱਸ ਰਹੀ ਹੈ ਕਿ ਲਾੜੇ ਦੇ ਪਿਤਾ ਤੋਂ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸ ਦੌਰਾਨ ਉਨ੍ਹਾਂ ਨੂੰ ਗੋਲੀਆਂ ਲੱਗੀਆਂ।