ਅੰਮ੍ਰਿਤਸਰ- ਬੀਤੇ ਦਿਨੀਂ ਪਿੰਡ ਮੂਲਿਆਂਵਾਲ ਤੋਂ ਪਿੰਡ ਕਲੇਰ ਕਲਾਂ ਨੂੰ ਜਾਂਦੀ ਇਕ ਪੱਕੀ ਸੜਕ ’ਤੇ ਇਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸਦਾ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਬਟਾਲਾ ਪੁਲਿਸ ਨੇ ਉਕਤ ਕਤਲ ਕੇਸ ਦੀ ਗੁੱਥੀ 36 ਘੰਟਿਆਂ ’ਚ ਸੁਲਝਾਉਂਦੇ ਹੋਏ ਗੁਰਦਿਆਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਸਿਟੀ ਦੇਵ ਸਿੰਘ ਨੇ ਦੱਸਿਆ ਕਿ 29 ਮਾਰਚ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੂਲਿਆਂਵਾਲ ਤੋਂ ਪਿੰਡ ਕਲੇਰ ਕਲਾਂ ਨੂੰ ਜਾਂਦੀ ਪੱਕੀ ਸੜਕ ’ਤੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਪੁਲਿਸ ਵੱਲੋਂ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਨੌਜਵਾਨ ਦੇ ਖੱਬੇ ਕੰਨ ਦੇ ਪਿਛਲੇ ਪਾਸੇ ਗੋਲੀ ਲੱਗਣ ਦਾ ਨਿਸ਼ਾਨ ਸੀ। ਇਸ ਦੌਰਾਨ ਥਾਣਾ ਸੇਖਵਾਂ ਦੀ ਪੁਲਿਸ ਵੱਲੋਂ ਪਿੰਡ ਮੂਲਿਆਂਵਾਲ ਦੇ ਸਰਪੰਚ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਣ 'ਤੇ ਮ੍ਰਿਤਕ ਦੇ ਵਾਰਿਸਾਂ ਨੇ ਲਾਸ਼ ਦੀ ਸ਼ਨਾਖਤ ਕੀਤੀ। ਉਸਦੀ ਪਛਾਣ ਗਗਨਦੀਪ ਸਿੰਘ (19) ਪੁੱਤਰ ਜਸਬੀਰ ਸਿੰਘ ਵਾਸੀ ਛੀਨਾ ਕਰਨ ਸਿੰਘ ਵਾਲਾ ਥਾਣਾ ਅਜਨਾਲ ਵਜੋਂ ਹੋਈ। ਡੀ. ਐੱਸ. ਪੀ. ਦੇਵ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਗੌਰਵ ਤੂਰਾ ਅਤੇ ਐੱਸ. ਪੀ. ਡੀ ਤੇਜਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਨ੍ਹਾਂ ਵੱਲੋਂ ਥਾਣਾ ਸੇਖਵਾਂ ਦੇ ਐੱਸ. ਐੱਚ. ਓ. ਕਿਰਨਦੀਪ ਸਿੰਘ, ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਅਤੇ ਹੋਰ ਪੁਲਸ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਘਟਨਾ ਵਾਲੀ ਜਗ੍ਹਾ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ।
ਖੁਫੀਆ ਸੋਰਸਾਂ ਰਾਹੀਂ ਜਾਣਕਾਰੀ ਹਾਸਲ ਕਰਕੇ ਸ਼ੱਕੀ ਵਿਅਕਤੀਆਂ ਦੇ ਮੋਬਾਇਲਾਂ ਦੀ ਸੀ. ਡੀ. ਆਰ. ਅਤੇ ਟਾਵਰ ਲੋਕੇਸ਼ਨ ਹਾਸਲ ਕੀਤੀ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ 28 ਮਾਰਚ ਨੂੰ ਮ੍ਰਿਤਕ ਗਗਨਦੀਪ ਸਿੰਘ, ਉਸਦਾ ਪਿਤਾ ਜਸਬੀਰ ਸਿੰਘ ਅਤੇ ਰਿਸ਼ਤੇਦਾਰੀ ’ਚ ਮਾਮਾ ਲੱਗਦਾ ਗੁਰਦਿਆਲ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਜੱਟਾਂ ਪੱਛੀਆ ਥਾਣਾ ਰਮਦਾਸ ਪਠਾਨਕੋਟ ਸਾਈਡ ਤੋਂ ਕਿਸੇ ਵਿਅਕਤੀ ਕੋਲੋਂ ਕਾਰ ਖਰੀਦਣ ਲਈ ਗਏ ਸਨ। ਕਾਰ ਮਾਲਕ ਨੇ ਕਾਰ ਵੇਚਣ ਤੋਂ ਇਨਕਾਰ ਕਰ ਦਿੱਤਾ। ਵਾਪਸੀ ਦੌਰਾਨ ਰਸਤੇ ’ਚ ਗਗਨਦੀਪ ਸਿੰਘ ਅਤੇ ਉਸਦੇ ਪਿਤਾ ਜਸਬੀਰ ਦੀ ਕਾਰ ਚਲਾਉਣ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ।
ਜਸਬੀਰ ਸਿੰਘ ਨੇ ਗੁੱਸੇ ’ਚ ਆ ਕੇ ਰਸਤੇ ’ਚ ਕਾਰ ਰੋਕ ਲਈ ਅਤੇ ਕਾਰ ਤੋਂ ਬਾਹਰ ਆ ਗਿਆ। ਇਸ ਦੌਰਾਨ ਗਗਨਦੀਪ ਸਿੰਘ ਅਤੇ ਗੁਰਦਿਆਲ ਸਿੰਘ ਵੀ ਕਾਰ ਤੋਂ ਬਾਹਰ ਆ ਗਏ। ਤੈਸ਼ ’ਚ ਆ ਕੇ ਜਸਬੀਰ ਸਿੰਘ ਨੇ ਗਗਨਦੀਪ ਸਿੰਘ ਨੂੰ ਰਿਵਾਲਵਰ ਨਾਲ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਸਬੀਰ ਅਤੇ ਗੁਰਦਿਆਲ ਕਾਰ ’ਚ ਬੈਠ ਕੇ ਲਾਸ਼ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਏ। ਡੀ. ਐੱਸ. ਪੀ. ਨੇ ਦੱਸਿਆ ਕਿ ਜਸਬੀਰ ਨੇ 30 ਮਾਰਚ ਨੂੰ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਦਕਿ ਗੁਰਦਿਆਲ ਸਿੰਘ ਨੇ ਜਸਬੀਰ ਸਿੰਘ ਨੂੰ ਬਚਾਉਣ ਦੀ ਖਾਤਰ ਜਾਣਬੁੱਝ ਕੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪੁਲਿਸ ਵੱਲੋਂ ਮੁਕੱਦਮੇ ’ਚ ਵਾਧਾ ਜੁਰਮ 202 ਆਈ. ਪੀ. ਸੀ. ਦਰਜ ਕਰਕੇ ਗੁਰਦਿਆਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।