ਸਿੰਘੂ ਹੱਦ ਉੱਤੇ ਗਰਜੇ ਰਾਜੇਵਾਲ, ਕਿਹਾ-ਸਰਕਾਰ ਨੂੰ ਸਤਾ ਰਿਹੈ ਡਰ

ਕੇਂਦਰ ਦੇ ਖੇਤੀਬਾੜੀ ਬਿੱਲਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ 16ਵੇਂ ਦਿਨ ਵੀ ਜਾਰੀ ਰਿਹਾ। ਇਸ ਦਿਨ ਕਿਸਾਨ ਆਗੂ ਬਲਬੀਰ ਸਿੰ...

ਕੇਂਦਰ ਦੇ ਖੇਤੀਬਾੜੀ ਬਿੱਲਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ 16ਵੇਂ ਦਿਨ ਵੀ ਜਾਰੀ ਰਿਹਾ। ਇਸ ਦਿਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਿੱਲੀ-ਹਰਿਆਣਾ ਹੱਦ ਦੇ ਸਿੰਘੂ ਬਾਰਡਰ ਉੱਤੇ ਕਿਸਾਨ ਸਭਾ ਦੀ ਸਟੇਜ ਉੱਤੋਂ ਕਿਸਾਨਾਂ ਨੂੰ ਸੰਬੋਧਿਤ ਕੀਤਾ ਤੇ ਨਾ ਡੋਲਣ ਦੀ ਹੱਲਾਸ਼ੇਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਨਾਲ ਹੋਈ ਮੀਟਿੰਗ ਦੀ ਵੀ ਅੱਖੋ ਦੇਖਾ ਹਾਲ ਬਿਆਨ ਕੀਤਾ।

ਸਰਕਾਰ ਨੂੰ ਸੱਚ ਬੋਲਣ ਲਈ ਕੀਤਾ ਮਜਬੂਰ
ਇਸ ਦੌਰਾਨ ਸਰਕਾਰ ਉੱਤੇ ਹਮਲਾ ਬੋਲਦਿਆਂ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਅਤੇ ਹੋਰ ਭਾਈਚਾਰਿਆਂ ਦੇ ਇਕੱਠ ਨੇ ਸਰਕਾਰ ਨੂੰ ਸੱਚ ਬੋਲਣ ਲਈ ਕੀਤਾ ਮਜਬੂਰ ਹੈ। ਸਰਕਾਰ ਨਾਲ ਹੋਈ ਮੀਟਿੰਗ ਦਾ ਜ਼ਿਕਰ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੇ ਮੰਨਿਆ ਹੈ ਕਿ ਇਹ ਕਾਨੂੰਨ ਵਪਾਰੀਆਂ ਲਈ ਹਨ, ਵਪਾਰ ਅਤੇ ਵਣਜ ਲਈ ਹਨ ਤੇ ਉਹ ਇਸ ਵਿਚ ਸੋਧਾਂ ਕਰਨ ਲਈ ਤਿਆਰ ਹਨ। ਪਰ ਕਿਸਾਨ ਆਗੂਆਂ ਨੇ ਕਿਹਾ ਕਿ ਗੱਲ ਸੋਧਾਂ ਦੀ ਨਹੀਂ। ਇਸ ਤੋਂ ਬਾਅਦ ਮੀਟਿੰਗ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿਚ ਜਿੰਨੀਆਂ ਮਰਜ਼ੀ ਸੋਧਾਂ ਕਰਵਾ ਲਓ ਪਰ ਕਾਨੂੰਨ ਰੱਦ ਨਾ ਕਰਵਾਓ।

ਸਰਕਾਰ ਨੂੰ ਸਤਾ ਰਿਹੈ ਡਰ
ਇਸ ਦੌਰਾਨ ਰਾਜੇਵਾਲ ਨੇ ਕਿਹਾ ਕਿ ਸਾਡੀ ਬੁਨਿਆਦੀ ਮੰਗ ਹੈ ਕਿ ਸੈਵੰਥ ਸ਼ਡਿਊਲ ਵਿਚ ਸੈਂਟਰ ਅਤੇ ਸੂਬਾ ਸਰਕਾਰਾਂ ਦੇ ਅਧਿਕਾਰ ਲਿਖੇ ਹੋਏ ਹਨ, ਜਿਨ੍ਹਾਂ ਵਿਚ ਖੇਤੀ ਸੂਬਿਆਂ ਦਾ ਵਿਸ਼ਾ ਹੈ ਤੇ ਸੈਂਟਰ ਇਸ ਵਿਚ ਦਖਲ ਨਹੀਂ ਕਰ ਸਕਦਾ। ਸਰਕਾਰ ਨੇ ਇਸ ਦੀ ਉਲੰਘਣਾ ਕੀਤੀ ਹੈ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਸਰਕਾਰ ਵਪਾਰ ਕਰਦੀ ਹੈ, ਕਿਸਾਨ ਕਦੇ ਵਪਾਰ ਨਹੀਂ ਕਰਦਾ। ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਵੇਲੇ ਡਰ ਸਤਾ ਰਿਹਾ ਹੈ ਕਿ ਜੇਕਰ ਇਹ ਬਿੱਲ ਰੱਦ ਹੋ ਗਏ ਤਾਂ ਹੋਰ ਭਾਈਚਾਰੇ ਵੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਵਾਜ਼ ਚੁੱਕਣਗੇ। ਸਰਕਾਰ ਨੂੰ ਡਰ ਹੈ ਕਿ ਕਿਤੇ ਹੋਰ ਲੋਕ ਵੀ ਉਨ੍ਹਾਂ ਦੇ ਖਿਲਾਫ ਖੜੇ ਨਾ ਹੋ ਜਾਣ।

ਵਿਦੇਸ਼ਾਂ ਵਿਚ ਹੱਕ ਵਿਚ ਹੋਈਆਂ ਰੈਲੀਆਂ
ਇਸ ਦੌਰਾਨ ਰਾਜੇਵਾਲ ਨੇ ਵਿਦੇਸ਼ਾਂ ਵਿਚ ਕਿਸਾਨਾਂ ਦੇ ਹੱਕਾਂ ਵਿਚ ਹੋ ਰਹੇ ਪ੍ਰਦਰਸ਼ਨਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਸਣੇ ਪੂਰੀ ਦੁਨੀਆ ਦੇ ਲੋਕ ਸਾਡੇ ਨਾਲ ਸਹਿਮਤੀ ਰੱਖਦੇ ਹਨ। ਇੰਗਲੈਂਡ ਦੇ 34 ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿਚ ਹਾਜ਼ਰੀ ਭਰੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਣੇ ਪੂਰਾ ਕੈਨੇਡਾ ਕਿਸਾਨਾਂ ਦੇ ਹੱਕ ਵਿਚ ਹੈ। ਅਮਰੀਕਾ ਵਿਚ ਰੈਲੀਆਂ ਹੋ ਰਹੀਆਂ ਹਨ। 

ਪੰਜਾਬ ਦਾ ਨੌਜਵਾਨ ਨਸ਼ੇੜੀ ਨਹੀਂ ਅੰਦੋਲਨਕਾਰੀ
ਉਨ੍ਹਾਂ ਇਸ ਦੌਰਾਨ ਕਿਹਾ ਕਿ ਸ਼ਾਂਤਮਈ ਅੰਦੋਲਨ ਨੂੰ ਕੋਈ ਨਹੀਂ ਹਰਾ ਸਕਦਾ ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਨਹੀਂ ਬਲਕਿ ਅੰਦੋਲਨਕਾਰੀ ਹੈ। ਅੱਜ ਤੱਕ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਕਿਹਾ ਜਾਂਦਾ ਰਿਹਾ ਹੈ। ਇਸ ਅੰਦੋਲਨ ਵਿਚ ਪੰਜਾਬ ਪੂਰੇ ਭਾਰਤ ਦਾ ਮੋਹਰੀ ਬਣਿਆ ਹੈ। ਇਸ ਦੌਰਾਨ ਪੰਜਾਬ ਸਣੇ ਪੂਰੇ ਦੇਸ਼ ਦੇ ਕਿਸਾਨਾਂ ਉੱਤੇ ਤਸ਼ੱਦਦ ਢਾਇਆ ਗਿਆ ਪਰ ਉਹ ਆਪਣੇ ਸਿਦਕੋਂ ਡੋਲੇ ਨਹੀਂ।

ਨੌਜਵਾਨਾਂ ਨੂੰ ਅਪੀਲ
ਰਾਜੇਵਾਲ ਨੇ ਸਟੇਜ ਤੋਂ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਅੰਦੋਲਨ ਨੂੰ ਸ਼ਾਂਤਮਈ ਬਣਾਈ ਰੱਖਣਾ ਹੈ। ਆਉਣ ਵਾਲੇ ਕੁਝ ਦਿਨਾਂ ਵਿਚ ਮੌਸਮ ਖਰਾਬ ਹੋਣ ਦੇ ਆਸਾਰ ਹਨ ਪਰ ਅਸੀਂ ਇਥੋਂ ਹਿੱਲਣਾ ਨਹੀਂ ਹੈ। ਇਸ ਅੰਦੋਲਨ ਰਾਹੀਂ ਅਸੀਂ ਸਰਕਾਰ ਮੂਹਰੇ ਇਕ ਮਿਸਾਲ ਪੇਸ਼ ਕਰਨੀ ਹੈ। ਇਹ ਕਿਸੇ ਇਕ ਭਾਈਚਾਰੇ ਦਾ ਅੰਦੋਲਨ ਨਹੀਂ ਬਲਕਿ ਸਾਰਿਆਂ ਦਾ ਅੰਦੋਲਨ ਹਨ। 

ਇਹ ਵੀ ਪੜ੍ਹੋ: 7 ਸਾਲਾ ਬੱਚੀ ਦੀ ਤਾਕਤ ਦੇਖ ਉੱਡ ਜਾਣਗੇ ਹੋਸ਼, ਰੋਜ਼ਾਨਾ ਚੁੱਕਦੀ ਹੈ 80 ਕਿਲੋ ਭਾਰ

Get the latest update about Balbir Rajewal, check out more about Punjab, Farmer protsest, Singhu border & government

Like us on Facebook or follow us on Twitter for more updates.