ਚੰਡੀਗੜ੍ਹ- ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਘਿਰ ਗਈ ਹੈ। ਹੁਣ ਇੱਕ ਤੋਂ ਬਾਅਦ ਇੱਕ ਕਤਲ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀਆਂ ਨੇ ਸੀਐੱਮ ਮਾਨ ਨੂੰ ਘੇਰਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਮਨਜਿੰਦਰ ਸਿਰਸਾ ਅਤੇ ਪਰਗਟ ਸਿੰਘ ਵਰਗੇ ਆਗੂਆਂ ਨੇ ਮਾਨ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 18 ਕਤਲ ਹੋ ਚੁੱਕੇ ਹਨ। ਇਸ ਨੂੰ ਰੋਕਣ ਦੀ ਬਜਾਏ ਸੀਐੱਮ ਭਗਵੰਤ ਮਾਨ ਗੁਜਰਾਤ ਅਤੇ ਹਿਮਾਚਲ ਵਿੱਚ ਘੁੰਮ ਰਹੇ ਹਨ। ਸੀਐੱਮ ਮਾਨ ਨੇ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਗਠਨ ਦਾ ਐਲਾਨ ਕੀਤਾ ਹੈ।
ਰੋਜ਼ਾਨਾ 2-3 ਕਤਲ ਹੋ ਰਹੇ ਹਨ, ਪੰਜਾਬ ਹੈ ਅਪਰਾਧੀਆਂ ਦੀ ਪਨਾਹਗਾਹ : ਪਰਗਟ ਸਿੰਘ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਰੋਜ਼ਾਨਾ 2 ਤੋਂ 3 ਕਤਲ ਹੋ ਰਹੇ ਹਨ। ਗੈਂਗਸਟਰ ਸ਼ਰੇਆਮ ਘੁੰਮ ਰਹੇ ਹਨ। ਬਿਨਾਂ ਸੋਚੇ ਸਮਝੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿੱਚ ਹੀ 18-20 ਨੌਜਵਾਨਾਂ ਦਾ ਕਤਲ ਹੋਇਆ ਹੈ। ਫਿਰ 11.30 ਵਜੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਹਮਣੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੀਆਂ ਠੰਢੀਆਂ ਵਾਦੀਆਂ ਦਾ ਆਨੰਦ ਮਾਣ ਰਹੇ ਹਨ। ਪਹਿਲਾਂ ਗੁਜਰਾਤ ਦਾ ਦੌਰਾ ਅਤੇ ਹੁਣ ਹਿਮਾਚਲ, ਪੰਜਾਬ ਨੂੰ ਮਾਨ ਸਾਹਬ ਨੇ ਅਪਰਾਧੀਆਂ ਦੇ ਆਸਰੇ ਛੱਡ ਦਿੱਤਾ ਹੈ।
21 ਦਿਨਾਂ 'ਚ 19 ਕਤਲ: ਮਨਜਿੰਦਰ ਸਿਰਸਾ
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ 21 ਦਿਨਾਂ ਵਿੱਚ 19 ਕਤਲ ਹੋ ਚੁੱਕੇ ਹਨ। ਬੀਤੇ ਦਿਨ ਪਟਿਆਲਾ ਵਿੱਚ 2 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਭਗਵੰਤ ਮਾਨ ਜੀ, ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਦਿਓ।
ਸਿੱਧੂ ਨੇ ਕਿਹਾ- ਰੋਜ਼ 3-4 ਕਤਲ ਹੋ ਰਹੇ ਹਨ, ਕੁਰਸੀ ਛੱਡੋ।
ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਇਸ ਦੇ ਨਾਲ ਹੀ ਸੀਐੱਮ ਭਗਵੰਤ ਮਾਨ ਹਿਮਾਚਲ ਦੀਆਂ ਠੰਢੀਆਂ ਵਾਦੀਆਂ ਵਿੱਚ ਵੋਟਾਂ ਮੰਗਣ ਵਿੱਚ ਲੱਗੇ ਹੋਏ ਹਨ। ਪਟਿਆਲਾ ਵਿੱਚ ਦੋ ਹੋਰ ਕਤਲ ਹੋਏ ਹਨ। ਰੋਜ਼ਾਨਾ ਔਸਤਨ 3-4 ਕਤਲ ਹੋ ਰਹੇ ਹਨ। ਸੂਬੇ ਦੇ ਲੋਕ ਡਰੇ ਹੋਏ ਹਨ। ਸਿੱਧੂ ਨੇ ਤਾਂ ਭਗਵੰਤ ਮਾਨ ਨੂੰ ਕੁਰਸੀ ਛੱਡਣ ਦੀ ਸਲਾਹ ਵੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਆਪਣਾ ਫਰਜ਼ ਨਿਭਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਸ ਨੂੰ ਛੱਡ ਦਿੱਤਾ ਜਾਵੇ।
ਸਰਕਾਰ ਪੁਲਿਸ ਨੂੰ ਫਰੀ ਹੈਂਡ ਦੇਵੇ: ਕੈਪਟਨ ਅਮਰਿੰਦਰ ਸਿੰਘ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਹਿੰਸਕ ਘਟਨਾਵਾਂ ਵਿੱਚ ਵਾਧਾ ਚਿੰਤਾਜਨਕ ਹੈ। ਪੰਜਾਬ ਪੁਲਿਸ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨੂੰ ਫਰੀ ਹੈਂਡ ਦੇਵੇ ਤਾਂ ਜੋ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਕੁਰਬਾਨੀ ਤੋਂ ਬਾਅਦ ਸ਼ਾਂਤੀ ਆਈ ਹੈ, ਇਸ ਲਈ ਕਿਸੇ ਨੂੰ ਵੀ ਇੱਥੇ ਅਮਨ-ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
Get the latest update about Punjab News, check out more about punjab murder case, amarinder singh, navjot singh sidhu & manjinder sirsa
Like us on Facebook or follow us on Twitter for more updates.