ਵੱਡੀ ਖਬਰ: ਜਲੰਧਰ 'ਚ ਕੋਵਿਡ-19 ਟੀਕਾਕਰਨ ਲਈ 33 ਸਾਈਟਾਂ ਦੀ ਪਛਾਣ

ਉਪਲਬਧ ਹੋਣ ਤੋਂ ਬਾਅਦ ਕੋਵਿਡ ਵੈਕਸੀਨ ਦੇ ਪ੍ਰਬੰਧਨ ਲਈ ਪ੍ਰਭਾਵਸ਼ਾਲੀ ਤੰਤਰ ਨੂੰ ਯਕੀਨੀ ਬਣਾਉਣ ਦੀਆਂ ਆ...

ਉਪਲਬਧ ਹੋਣ ਤੋਂ ਬਾਅਦ ਕੋਵਿਡ ਵੈਕਸੀਨ ਦੇ ਪ੍ਰਬੰਧਨ ਲਈ ਪ੍ਰਭਾਵਸ਼ਾਲੀ ਤੰਤਰ ਨੂੰ ਯਕੀਨੀ ਬਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਅੱਗੇ ਵਧਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ 33 ਸੈਸ਼ਨ ਸਾਈਟਾਂ (ਟੀਕਾਕਰਨ ਲਈ ਥਾਵਾਂ) ਦੀ ਪਹਿਚਾਨ ਕੀਤੀ, ਜਿਥੇ ਪਹਿਲੇ ਪੜਾਅ ਤਹਿਤ ਫਰੰਟਲਾਈਨ ਹੈਲਥ ਵਰਕਰਾਂ ਨੂੰ ਵੈਕਸੀਨ ਦਿੱਤੀ ਜਾਵੇਗੀ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ 33 ਸਾਈਟਾਂ ਵਿੱਚ 24 ਸ਼ਹਿਰੀ ਅਤੇ 9 ਜ਼ਿਲ੍ਹੇ ਦੇ ਦਿਹਾਤੀ ਖੇਤਰ ਦੀਆਂ ਸ਼ਾਮਿਲ ਹਨ, ਜਿਥੇ ਪੰਜ ਮੈਂਬਰੀ ਟੀਮ ਇੱਕ ਵੈਕਸੀਨੇਟਰ, ਦੋ ਸਹਾਇਕ ਕਰਮਚਾਰੀ, ਇਕ ਸੁਰੱਖਿਆ ਕਰਮਚਾਰੀ ਅਤੇ ਇਕ ਵਿਅਕਤੀ ਨੂੰ 100 ਫਰੰਟਲਾਈਨ ਵਰਕਰਾਂ ਲਈ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਲਈ ਹਰੇਕ ਸਾਈਟ 'ਤੇ ਨਿਯੁਕਤ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਸ਼ਹਿਰ ਵਿਖੇ ਸੈਸ਼ਨ ਸਾਈਟਾਂ ਵਿੱਚ ਸਿਵਲ ਹਸਪਤਾਲ, ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾਦਾ ਕਲੋਨੀ, ਬਸਤੀ ਗੁਜਾਂ, ਖੁਰਲਾ ਕਿੰਗਰਾ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਗੜ੍ਹਾ, ਕਮਿਊਨਿਟੀ ਹੈਲਥ ਸੈਂਟਰ ਪੀਏਪੀ, ਈਐਸਆਈ ਹਸਪਤਾਲ, ਪਿਮਸ ਹਸਪਤਾਲ, ਗੁਰੂ ਨਾਨਕ ਮਿਸ਼ਨ ਹਸਪਤਾਲ, ਐਨਐਚਐਸ ਹਸਪਤਾਲ, ਸ਼੍ਰੀਮਨ ਹਸਪਤਾਲ, ਕੈਪੀਟੋਲ ਹਸਪਤਾਲ, ਗੁਲਾਬ ਦੇਵੀ ਹਸਪਤਾਲ, ਭੁਟਾਨੀ ਹਸਪਤਾਲ, ਨਿਊ ਰੂਬੀ ਹਸਪਤਾਲ, ਕਿਡਨੀ ਹਸਪਤਾਲ, ਸੈਕਰਡ ਹਾਰਟਜ਼ ਹਸਪਤਾਲ, ਪਟੇਲ ਹਸਪਤਾਲ, ਸ਼ਿੰਗਾਰਾ ਸਿੰਘ ਹਸਪਤਾਲ, ਐਸਜੀਐਲ ਹਸਪਤਾਲ, ਜੌਹਲ ਹਸਪਤਾਲ, ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ, ਘਈ ਹਸਪਤਾਲ ਅਤੇ ਜੋਸ਼ੀ ਹਸਪਤਾਲ ਸ਼ਾਮਿਲ ਹਨ। 

ਇਸੇ ਤਰ੍ਹਾਂ ਰੂਰਲ ਬੈਲਟ ਵਿਚ ਕਰਤਾਰਪੁਰ, ਕਾਲਾ ਬਕਰਾ, ਸ਼ਾਹਕੋਟ, ਬੜਾ ਪਿੰਡ, ਆਦਮਪੁਰ, ਜਮਸ਼ੇਰ, ਜੰਡਿਆਲਾ, ਬਿਲਗਾ ਅਤੇ ਮਹਿਤਪੁਰ ਦੇ ਸਾਰੇ ਬਲਾਕ ਪੱਧਰੀ ਸਰਕਾਰੀ ਹਸਪਤਾਲਾਂ ਦੀ ਟੀਕਕਰਨ ਲਈ ਸ਼ੈਸ਼ਨ ਸਾਈਟਾਂ ਵਜੋਂ ਪਹਿਚਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਸਾਈਟ ਵਿਚ ਤਿੰਨ ਕਮਰੇ ਹੋਣਗੇ- ਇਕ ਤਸਦੀਕ ਲਈ, ਦੂਜਾ ਟੀਕਾਕਰਨ ਲਈ ਅਤੇ ਤੀਸਰਾ ਨਿਗਰਾਨੀ ਲਈ, ਜਿਥੇ ਟੀਕਾਕਰਨ ਤੋਂ ਬਾਅਦ ਵਿਅਕਤੀ ਦੀ ਸਿਹਤ ਦੀ ਸਥਿਤੀ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰੇਕ ਸਾਈਟ 'ਤੇ ਐਂਬੂਲੈਂਸ ਵੀ ਮੌਜੂਦ ਹੋਵੇਗੀ।

ਉਨ੍ਹਾਂ ਕਿਹਾ ਕਿ ਇਹ ਸਾਰੀਆਂ ਗਤੀਵਿਧੀਆਂ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਾਲ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਹੱਥਾਂ ਦੀ ਸਫਾਈ ਤੇ ਹੋਰ ਸ਼ਾਮਿਲ ਹਨ। ਉਨ੍ਹਾਂ ਸਿਹਤ ਵਿਭਾਗ ਨੂੰ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਧੂ ਟੀਕਾਕਰਣ ਟੀਮਾਂ ਦਾ ਗਠਨ ਕਰਨ ਦੀ ਹਦਾਇਤ ਦਿੱਤੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਸ਼ੁਰੂ ਹੋਣ 'ਤੇ ਜ਼ਿਲ੍ਹਾ ਹੈੱਡ ਕੁਆਰਟਰਾਂ ਅਤੇ ਬਲਾਕ ਪੱਧਰ 'ਤੇ ਇਕ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ । ਘਨਸ਼ਿਆਮ ਥੋਰੀ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਟੀਕਾਕਰਨ ਮੁਹਿੰਮ ਲਈ ਨੋਡਲ ਅਧਿਕਾਰੀ ਨਿਯੁਕਤ ਕਰਨ ਅਤੇ ਦੋ ਦਿਨਾਂ ਦੇ ਅੰਦਰ ਅੰਦਰ ਸੂਚੀ ਉਨ੍ਹਾਂ ਦੇ ਦਫ਼ਤਰ ਵਿੱਚ ਦੇਣ ਲਈ ਕਿਹਾ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਅਨੂ ਸ਼ਰਮਾ, ਐਪੀਡੈਮਿਓਲੋਜਿਸਟ ਡਾ. ਸਤੀਸ਼ ਸ਼ਰਮਾ ਅਤੇ ਹੋਰ ਮੌਜੂਦ ਸਨ।

Get the latest update about Big news 33 sites identified for Covid19 vaccination in Jalandhar

Like us on Facebook or follow us on Twitter for more updates.