ਕੈਪਟਨ ਵੱਲੋਂ ਕਿਸਾਨਾਂ ਦੇ ਮਸਲਿਆਂ ਦੇ ਛੇਤੀ ਹੱਲ ਅਤੇ ਕੋਵਿਡ ਤੋਂ ਮੁਕਤੀ ਦੀ ਉਮੀਦ ਨਾਲ ਲੋਕਾਂ ਨੂੰ ਨਵੇਂ ਵਰ੍ਹੇ ਦੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮਸਲਿ...


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮਸਲਿਆਂ ਦੇ ਛੇਤੀ ਹੱਲ ਦੀ ਉਮੀਦ ਤੇ ਕਾਮਨਾ ਕਰਦੇ ਹੋਏ ਲੋਕਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੀ ਤਰੱਕੀ ਅਤੇ ਸਾਡੇ ਬੱਚਿਆਂ ਲਈ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਉਦਯੋਗ ਅਤੇ ਸੰਚਾਰ ਦੀ ਮਹੱਤਤਾ ਨੂੰ ਵੀ ਦਰਸਾਇਆ।
ਮਹਾਂਮਾਰੀ ਤੋਂ ਮੁਕਤੀ ਮਿਲਣ ਦੀ ਆਸ ਕਰਦੇ ਹੋਏ ਮੁੱਖ ਮੰਤਰੀ ਨੇ ਸਮੂਹ ਪੰਜਾਬੀਆਂ ਨੂੰ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਕੋਵਿਡ ਦੇ ਨਵੇਂ ਰੂਪ 'ਚ ਸਾਹਮਣੇ ਆਉਣ ਦੇ ਮੱਦੇਨਜ਼ਰ ਸਾਵਧਾਨੀ ਅਤੇ ਸੰਜਮ ਵਰਤਦੇ ਰਹਿਣ ਦੀ ਅਪੀਲ ਕੀਤੀ ਹੈ।
ਕਿਸਾਨਾਂ ਨੂੰ ਜਮਹੂਰੀ ਅਤੇ ਸੰਵਿਧਾਨਕ ਹੱਕ ਦੀ ਵਰਤੋਂ ਕਰਦੇ ਹੋਏ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਇਸ ਸਲੀਕੇ ਨਾਲ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੰਜਾਬ ਵਿੱਚ ਅਤੇ ਹੁਣ ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਦੇ ਸੰਘਰਸ਼ ਦੌਰਾਨ ਦੰਗੇ ਜਾਂ ਹਿੰਸਾ ਦੀ ਇਕ ਵੀ ਘਟਨਾ ਨਹੀਂ ਵਾਪਰੀ।
ਲਾਈਵ ਸੰਦੇਸ਼ ਰਾਹੀਂ ਮੁੱਖ ਮੰਤਰੀ ਨੇ ਪੰਜਾਬੀਆਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਨਾ ਸਿਰਫ ਮਹਾਂਮਾਰੀ ਦਾ ਮੁਕਾਬਲਾ ਡਟ ਕੇ ਕੀਤਾ ਸਗੋਂ ਇਸ ਸਾਲ ਦੌਰਾਨ ਵੱਖ-ਵੱਖ ਸਮੱਸਿਆਵਾਂ ਦੇ ਬਾਵਜੂਦ ਖੇਤੀਬਾੜੀ, ਉਦਯੋਗ ਅਤੇ ਵਪਾਰਕ ਖੇਤਰ ਵਿੱਚ ਸ਼ਾਨਦਾਰੀ ਕਾਰਗੁਜ਼ਾਰੀ ਦਿਖਾਉਣ ਦੇ ਸਫਰ ਨੂੰ ਬਾ-ਦਸਤੂਰ ਜਾਰੀ ਰੱਖਿਆ। ਉਨ੍ਹਾਂ ਨੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ, ਪੁਲੀਸ ਆਦਿ ਸਮੇਤ ਮੋਹਰਲੀ ਕਤਾਰ ਦੇ ਸਾਰੇ ਵਰਕਰਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਇਕ ਕਰਦੇ ਹੋਏ ਬਹਾਦਰੀ ਨਾਲ ਲੜਾਈ ਲੜੀ। ਹਾਲਾਂਕਿ, ਉਨ੍ਹਾਂ ਨੇ ਸੁਚੇਤ ਕਰਦਿਆਂ ਕਿਹਾ ਕਿ ਕੋਵਿਡ ਅਜੇ ਖਤਮ ਨਹੀਂ ਹੋਇਆ ਅਤੇ ਲੋਕਾਂ ਨੂੰ ਆਪਣਾ ਅਤੇ ਪਰਿਵਾਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਔਕੜਾਂ ਭਰੇ ਵਰ੍ਹੇ ਵਿੱਚ 22 ਮਾਰਚ, 2020 ਤੋਂ ਲੈ ਕੇ ਕੋਵਿਡ ਸੰਕਟ ਦੇ ਪੈਰ ਪਸਾਰਨ ਤੋਂ ਬਾਅਦ ਇਨਸਾਫ ਲਈ ਕਿਸਾਨ ਲੰਮੇ ਸਮੇਂ ਤੋ ਸੰਘਰਸ਼ ਕਰ ਰਹੇ ਹਨ ਅਤੇ ਇਸੇ ਸਮੇਂ ਦੌਰਾਨ ਸੂਬੇ ਵਿੱਚ ਕਣਕ ਤੇ ਝੋਨੇ ਦਾ ਰਿਕਾਰਡ ਉਤਪਾਦਨ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਔਖੀਆਂ ਪ੍ਰਸਥਿਤੀਆਂ ਵਿੱਚ ਵੀ ਪੰਜਾਬੀ ਹਰੇਕ ਮੁਹਾਜ਼ 'ਤੇ ਆਪਣੀ ਡਿਊਟੀ ਦ੍ਰਿੜਤਾ ਅਤੇ ਦਲੇਰੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਨੇ ਵਪਾਰ ਤੇ ਉਦਯੋਗ ਦੀ ਮਿਸਾਲ ਦਿੰਦਿਆਂ ਕਿਹਾ ਕਿ ਪੰਜਾਬੀਆਂ ਦੀ ਸਖ਼ਤ ਮਿਹਨਤ ਸਦਕਾ ਹੀ ਕਾਰੋਬਾਰੀ ਗਤੀਵਿਧੀਆਂ ਕੁਝ ਮਹੀਨੇ ਬੰਦ ਰਹਿਣ ਤੋਂ ਬਾਅਦ ਮੁੜ ਲੀਹ 'ਤੇ ਪੈ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਸਥਿਤ 2,40,000 ਇੰਡਸਟਰੀਅਲ ਯੂਨਿਟ ਹੁਣ ਚਾਲੂ ਹੋ ਚੁੱਕੇ ਹਨ ਅਤੇ ਇੱਥੋਂ ਤੱਕ ਕਿ ਇਸ ਵੇਲੇ ਪੰਜਾਬ ਵਿੱਚ 65,000 ਤੋਂ 70,000 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗ ਸਥਾਪਤ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ,''ਦੁਨੀਆ ਪੰਜਾਬ ਦੀਆਂ ਪ੍ਰਾਪਤੀਆਂ ਨੂੰ ਸਵੀਕਾਰ ਕਰ ਰਹੀ ਹੈ।'' ਉਨ੍ਹਾਂ ਨੇ ਪੰਜਾਬੀਆਂ ਦੇ ਬਹਾਦਰੀ ਭਰੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿ ਇਸੇ ਸਦਕਾ ਹੀ ਸੂਬਾ ਨੇ ਜਿੱਥੇ ਕੋਵਿਡ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਉਥੇ ਹੀ ਸੂਬਾ ਅਮਨ-ਕਾਨੂੰਨ ਦੀ ਸਮੱਸਿਆ ਤੋਂ ਵੀ ਮੁਕਤ ਹੈ। ਉਨ੍ਹਾਂ ਕਿਹਾ,''ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਲਈ ਰੋਜ਼ਗਾਰ ਦੇ ਮੌਕੇ ਸਿਰਜਣ ਵਾਸਤੇ ਸੂਬੇ ਵਿੱਚ ਨਿਵੇਸ਼ ਹੋਵੇ ਅਤੇ ਉਦਯੋਗਿਕ ਯੂਨਿਟ ਸਥਾਪਤ ਹੋਣ ਤਾਂ ਕਿ ਉਨ੍ਹਾਂ ਨੂੰ ਰੋਜ਼ਗਾਰ ਲਈ ਪੰਜਾਬ ਤੋਂ ਬਾਹਰ ਨਾ ਜਾਣਾ ਪਵੇ।''
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਜੋਕੇ ਇਲੈਕਟ੍ਰਾਨਿਕ ਯੁੱਗ ਵਿੱਚ, ਜਿੱਥੇ ਤਰੱਕੀ ਅਤੇ ਗਤੀਸ਼ੀਲਤਾ ਲਈ ਸੰਚਾਰ ਬਹੁਤ ਮਹੱਤਵਪੂਰਨ ਹੈ, ਪੰਜਾਬ ਕਿਸੇ ਵੀ ਕੀਮਤ 'ਤੇ ਪਿੱਛੇ ਨਹੀਂ ਰਹਿ ਸਕਦਾ ਅਤੇ ਸੂਬੇ ਨੂੰ ਤੇਜ਼ ਰਫਤਾਰ ਨਾਲ ਅੱਗੇ ਵੱਧਣ ਦੀ ਲੋੜ ਹੈ।
ਉਨ੍ਹਾਂ ਨੇ ਆਸਵੰਦ ਹੁੰਦਿਆਂ ਕਿਹਾ ਕਿ ਸਾਲ 2021 ਵਿੱਚ ਸੂਬਾ ਵਿੱਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੇਖਣ ਨੂੰ ਮਿਲੇਗੀ ਅਤੇ ਕਿਸਾਨਾਂ ਨਾਲ ਸਬੰਧਤ ਮੁਸ਼ਕਲਾਂ ਜਲਦ ਹੱਲ ਹੋ ਜਾਣਗੀਆਂ। ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਕਾਸ ਨੂੰ ਹੋਰ ਅੱਗੇ ਲੈ ਜਾਵੇਗੀ ਅਤੇ ਸੂਬੇ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਆਪਣੀ ਪੂਰੀ ਵਾਹ ਲਾ ਦੇਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਦੂਜੀ ਵਾਰ ਸਿੱਖ ਗੁਰੂ ਸਹਿਬਾਨ ਦੇ ਇਤਿਹਾਸਕ ਪ੍ਰਕਾਸ਼ ਪੁਰਬ ਮਨਾਏ ਜਾਣ ਦੇ ਪਵਿੱਤਰ ਮੌਕਿਆਂ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਜੋਂ ਆਪਣੇ ਪਿਛਲੇ ਕਾਰਜਕਾਲ ਵਿੱਚ ਉਨ੍ਹਾਂ ਦੀ ਸਰਕਾਰ ਨੇ ਵੱਖ-ਵੱਖ ਧਾਰਮਿਕ ਸਮਾਗਮ ਵੱਡੀ ਪੱਧਰ 'ਤੇ ਮਨਾਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਰਜਕਾਲ ਦੌਰਾਨ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਯਾਦਗਾਰੀ ਸਮਾਗਮ ਕਰਵਾਏ ਜਾਣ ਤੋਂ ਬਾਅਦ ਹੁਣ ਉਹ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਲਈ ਬਲਿਦਾਨ ਦੇ ਦਿੱਤਾ ਅਤੇ ਹਿੰਦੂ-ਸਿੱਖ ਏਕਤਾ ਦੇ ਸਦੀਵੀ ਹੋਣ ਦੀ ਮਿਸਾਲ ਪੇਸ਼ ਕੀਤੀ, ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕਰਵਾਉਣ ਦਾ ਮੌਕਾ ਮਿਲਣ 'ਤੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕਜੁਟਤਾ ਸਦਾ ਬਰਕਰਾਰ ਰਹੀ ਹੈ ਅਤੇ ਰਹੇਗੀ।
ਸਾਰੇ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਮਾੜੇ ਸਾਲਾਂ ਵਿੱਚੋਂ ਇਕ ਦੇ ਅੰਤ ਨਾਲ ਉਨ੍ਹਾਂ (ਮੁੱਖ ਮੰਤਰੀ) ਨੇ ਸਾਰਿਆਂ ਦੀ 'ਚੜ੍ਹਦੀ ਕਲਾ' ਲਈ ਅਰਦਾਸ ਕੀਤੀ ਅਤੇ ਆਸ ਪ੍ਰਗਟਾਈ ਕਿ ਸਾਲ 2021 ਵਿੱਚ ਹਰੇਕ ਪੰਜਾਬੀ ਦੀਆਂ ਇੱਛਾਵਾਂ ਪੂਰੀਆਂ ਹੋਣ।

Get the latest update about farmers, check out more about New Year, covid, Capt Amrinder singh & wishes

Like us on Facebook or follow us on Twitter for more updates.