ਕੇਂਦਰ ਨੇ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ਦੀ ਕੀਤੀ ਸ਼ਲਾਘਾ, ਕਿਹਾ- ਬਿਹਤਰ ਢੰਗ ਨਾਲ ਹੋ ਰਿਹਾ ਸੰਚਾਲਨ

ਕੇਂਦਰ ਸਰਕਾਰ ਨੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ...

ਜਲੰਧਰ- ਕੇਂਦਰ ਸਰਕਾਰ ਨੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕਈ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਹੈ। ਭਾਰਤ ਸਰਕਾਰ ਵੱਖ-ਵੱਖ ਤਰੀਕਿਆਂ ਰਾਹੀਂ ਰਾਜਾਂ ਵਿਚ ਰਾਸ਼ਟਰੀ ਸਿਹਤ ਮਿਸ਼ਨ (NHM) ਦੀ ਪ੍ਰਗਤੀ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਦੀ ਹੈ। ਹਰ ਸਾਲ ਕਰਵਾਏ ਜਾਣ ਵਾਲੇ ਕਾਮਨ ਰਿਵਿਊ ਮਿਸ਼ਨ (ਸੀ.ਆਰ.ਐੱਮ.) ਦੀ ਸਮੀਖਿਆ ਵਿਚ ਕੇਂਦਰ ਦੀ ਟੀਮ ਨੇ ਆਮ ਆਦਮੀ ਕਲੀਨਿਕਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ।

ਇਸ ਤਹਿਤ ਸਰਕਾਰੀ ਅਧਿਕਾਰੀਆਂ, ਜਨ ਸਿਹਤ ਮਾਹਿਰਾਂ, ਵਿਕਾਸ ਹਿੱਸੇਦਾਰਾਂ ਦੇ ਨੁਮਾਇੰਦਿਆਂ ਤੇ ਸਮਾਜ ਸੇਵੀ ਸੰਸਥਾਵਾਂ ਦੀ ਟੀਮ ਵੱਖ-ਵੱਖ ਰਾਜਾਂ ਦੇ ਖੇਤਰੀ ਦੌਰੇ ਕਰਦੀ ਹੈ। CRM ਦਾ ਉਦੇਸ਼ ਲੋਕਾਂ ਦੇ ਦ੍ਰਿਸ਼ਟੀਕੋਣ ਤੋਂ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਮੁਲਾਂਕਣ ਕਰਨਾ ਹੈ। ਆਯੂਸ਼, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਏ. ਰਘੂ ਦੀ ਅਗਵਾਈ ਹੇਠ 16 ਮੈਂਬਰੀ 15ਵੇਂ ਕਾਮਨ ਰਿਵਿਊ ਮਿਸ਼ਨ ਟੀਮ ਨੇ 4 ਤੋਂ 11 ਨਵੰਬਰ ਤੱਕ ਰਾਜ ਦਾ ਦੌਰਾ ਕੀਤਾ।

ਇਸ ਦੌਰਾਨ ਟੀਮ ਨੇ ਫ਼ਿਰੋਜ਼ਪੁਰ ਅਤੇ ਰੂਪਨਗਰ ਜ਼ਿਲ੍ਹੇ ਵਿਚ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਟੀਮ ਨੇ ਸੂਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੂਬੇ ਵਿਚ ਵੱਧ ਤੋਂ ਵੱਧ ਸੰਸਥਾਗਤ ਜਣੇਪੇ ਹੋ ਰਹੇ ਹਨ ਅਤੇ ਸਾਰੀਆਂ ਸਿਹਤ ਸਹੂਲਤਾਂ ਵਿਚ ਗਰਭਵਤੀ ਔਰਤਾਂ ਨੂੰ ਮਿਆਰੀ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ। ਜ਼ਿਆਦਾਤਰ ਔਰਤਾਂ ਨੂੰ ਡੀਬੀਟੀ ਦੁਆਰਾ ਜੀਐੱਸਵਾਈ ਦਾ ਭੁਗਤਾਨ ਕੀਤਾ ਗਿਆ ਹੈ।

ਇਸੇ ਤਰ੍ਹਾਂ ਜ਼ਿਆਦਾਤਰ ਸਿਹਤ ਸੰਸਥਾਵਾਂ ਵਿਚ ਪਰਿਵਾਰ ਨਿਯੋਜਨ ਦੀਆਂ ਸਹੂਲਤਾਂ ਵੀ ਉਪਲਬਧ ਹਨ। ਜ਼ਿਲ੍ਹਾ ਹਸਪਤਾਲਾਂ ਵਿਚ ਪਰਿਵਾਰਕ ਭਾਗੀਦਾਰੀ ਦੇਖਭਾਲ ਦਾ ਅਭਿਆਸ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਹਸਪਤਾਲਾਂ ਵਿਚ ਬ੍ਰੈਸਟ ਫੀਡਿੰਗ ਕਾਰਨਰ ਬਣਾਏ ਗਏ ਹਨ। EWC ਤੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ RBSK ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਸੀਆਰਐੱਮ ਟੀਮ ਨੇ ਦੱਸਿਆ ਕਿ ਕਲੀਨਿਕ ਐੱਮਬੀਬੀਐੱਸ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਟੀਮ ਨਾਲ ਸੁਚਾਰੂ ਢੰਗ ਨਾਲ ਚੱਲ ਰਹੇ ਹਨ। ਮਰੀਜ਼ਾਂ ਦੇ ਡੇਟਾ ਦੀ ਰਿਪੋਰਟ ਕਰਨ ਤੇ ਰਿਕਾਰਡ ਕਰਨ ਲਈ ਕਾਗਜ਼ ਰਹਿਤ ਪ੍ਰਣਾਲੀ ਉਪਲਬਧ ਹੈ। ਆਮ ਆਦਮੀ ਕਲੀਨਿਕਾਂ ਵਿਚ ਵੱਖ-ਵੱਖ ਲੈਬ ਟੈਸਟ ਤੇ ਦਵਾਈਆਂ ਮੁਫ਼ਤ ਉਪਲਬਧ ਹਨ।

108 ਐਂਬੂਲੈਂਸ ਸੇਵਾ ਨੂੰ ਬਿਹਤਰ ਸਮਾਜਕ ਜਾਗਰੂਕਤਾ ਨਾਲ ਵਰਤਿਆ ਜਾ ਰਿਹਾ ਹੈ। ਇਸ ਦੌਰਾਨ ਸਿਹਤ ਸਕੱਤਰ ਪੰਜਾਬ ਅਜੋਏ ਸ਼ਰਮਾ ਤੇ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਨੇ ਟੀਮ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਰਣਜੀਤ ਸਿੰਘ ਘੋਟੜਾ, ਡਾਇਰੈਕਟਰ ਪਰਿਵਾਰ ਭਲਾਈ ਡਾ. ਰਵਿੰਦਰਪਾਲ ਕੌਰ, ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਡਾ. ਸਤਿੰਦਰਪਾਲ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਪ੍ਰੋਗਰਾਮ ਅਫ਼ਸਰ ਹਾਜ਼ਰ ਸਨ।

Get the latest update about performance, check out more about aam aadmi clinics, centre govt & punjab

Like us on Facebook or follow us on Twitter for more updates.