ਜਿਨੇਵਾ: WHO ਨੇ ਚੀਨ ਦੀ ਸਿਨੋਫਾਰਮਾ ਦੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮਨਜ਼ੂਰੀ ਤੋਂ ਬਾਅਦ ਸੰਯੁਕਤ ਰਾਸ਼ਟਰ ਨੂੰ ਸਮਰਪਿਤ ਪ੍ਰੋਗਰਾਮ ਜ਼ਰੀਏ ਲੋੜਵੰਦ ਦੇਸ਼ਾਂ ਤਕ ਕੋਰੋਨਾ ਰੋਕੂ ਵੈਕਸੀਨ ਦੀ ਡੋਜ਼ ਪਹੁੰਚਾਉਣ ਦੀ ਉਮੀਦ ਜਾਗੀ।
WHO ਦੇ ਤਕਨੀਕੀ ਪਰਾਮਰਸ਼ ਸਮੂਹ ਨੇ ਪਹਿਲੀ ਵਾਰ ਚੀਨ ਦੀ ਕਿਸੇ ਕੋਰੋਨਾ ਰੋਕੂ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ। ਸਿਨੋਫਾਰਮਾ ਵੱਲੋਂ ਬਣਾਈ ਵੈਕਸੀਨ ਨੂੰ ਆਉਣ ਵਾਲੇ ਦਿਨਾਂ ’ਚ ਸੰਯੁਕਤ ਰਾਸ਼ਟਰ ਨੂੰ ਸਮਰਪਿਤ ਕੋਵੈਕਸ ਪ੍ਰੋਗਰਾਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਜ਼ਰੀਏ ਗਰੀਬ ਤੇ ਲੋੜਵੰਦ ਦੇਸ਼ਾਂ ਤਕ ਕੋਰੋਨਾ ਰੋਕੂ ਵੈਕਸੀਨ ਪਹੁੰਚਾਈ ਜਾ ਰਹੀ ਹੈ। ਯੂਨੀਸੈੱਫ ਤੇ WHO ਦੇ ਅਮਰੀਕਾ ਖੇਤਰੀ ਪ੍ਰੋਗਰਾਮ ਜ਼ਰੀਏ ਵੀ ਇਸ ਨੂੰ ਵੰਡਿਆ ਜਾ ਸਕਦਾ ਹੈ। WHO ਦੇ ਜਨਰਲ ਡਾਇਰੈਕਟਰ ਟੇਡਰੋਸ ਅਧਨੋਮ ਘੇਬ੍ਰੇਅਸਸ ਨੇ ਕਿਹਾ ਕਿ ਚੀਨੀ ਵੈਕਸੀਨ ਨੂੰ ਮਿਲਾ ਕੇ ਹੁਣ ਤਕ ਛੇ ਕੋਰੋਨਾ ਰੋਕੂ ਵੈਕਸੀਨ ਨੂੰ ਏਜੰਸੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ।