ਚੰਡੀਗੜ੍ਹ:- ਸੂਬੇ ਵਿੱਚ ਟਰਾਂਸਪੋਰਟ ਮਾਫ਼ੀਆ ਦੀ ਕਬਰ ਪੁੱਟਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਤੋਂ 15 ਜੂਨ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਹੋਣਗੀਆਂ। ਇਹ ਵੋਲਵੋ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਨੂੰ ਲੋਕਾਂ ਨੇ ਮਾਫ਼ੀਆ ਦੇ ਖ਼ਾਤਮੇ ਲਈ ਸੂਬੇ ਵਿੱਚ ਸੇਵਾ ਕਰਨ ਲਈ ਫਤਵਾ ਦਿੱਤਾ ਹੈ। ਸਾਡੀ ਸਰਕਾਰ ਨੇ ਪਹਿਲਾਂ ਹੀ ਨਵੀਂ ਆਬਕਾਰੀ ਨੀਤੀ ਰਾਹੀਂ ਸ਼ਰਾਬ ਮਾਫ਼ੀਆ ਉਤੇ ਕਾਬੂ ਪਾਇਆ ਹੈ ਅਤੇ ਅੱਜ ਮੈਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਟਰਾਂਸਪੋਰਟ ਮਾਫ਼ੀਆ ਵੀ ਬੀਤੇ ਦੀ ਗੱਲ ਬਣ ਜਾਵੇਗਾ।”
ਮੁੱਖ ਮੰਤਰੀ ਨੇ ਝੋਰਾ ਪ੍ਰਗਟਾਇਆ ਕਿ ਦਹਾਕਿਆਂ ਤੋਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਹੀ ਇਸ ਰੂਟ ਉਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਕਾਰੋਬਾਰ ਉਤੇ ਇਜਾਰੇਦਾਰੀ ਕਾਇਮ ਕਰ ਲਈ ਸੀ ਅਤੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਸਨ। ਭਗਵੰਤ ਮਾਨ ਨੇ ਕਿਹਾ ਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਕਿਉਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੀ ਇਸ ਰੂਟ ਉਤੇ ਬੱਸਾਂ ਚਲਾਉਣ ਦਾ ਹੱਕ ਹੈ ਅਤੇ ਕਿਉਂ ਪੰਜਾਬ ਸਰਕਾਰ ਇਨ੍ਹਾਂ ਰੂਟਾਂ ਉਤੇ ਬੱਸਾਂ ਨਹੀਂ ਚਲਾ ਰਹੀ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਕੇ ਪੰਜਾਬ ਦੀ ਲੋਕ ਪੱਖੀ ਸਰਕਾਰ ਇਹ ਸੁਪਰ ਲਗਜ਼ਰੀ ਬੱਸਾਂ ਚਲਾਏਗੀ ਜੋ ਪ੍ਰਾਈਵੇਟ ਟਰਾਂਸਪੋਰਟਰਾਂ ਤੋਂ ਅੱਧੇ ਤੋਂ ਵੀ ਘੱਟ ਕਿਰਾਇਆ ਵਸੂਲੇਗੀ ਅਤੇ ਉਨ੍ਹਾਂ ਨਾਲੋਂ ਮੁਸਾਫਰਾਂ ਨੂੰ ਦੁੱਗਣੀਆਂ ਸਹੂਲਤਾਂ ਦੇਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵੈੱਬਸਾਈਟਾਂ ਤੋਂ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਬੱਸਾਂ ਦੇ ਆਉਣ-ਜਾਣ ਦਾ ਸਮਾਂ ਸਾਰਣੀ ਵੀ ਵੈੱਬਸਾਈਟਾਂ ਤੇ ਉਪਲਬਧ ਹੋਵੇਗਾ।
ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਅਹਿਦ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਛੇਤੀ ਹੀ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਦਿਨ ਬੀਤ ਗਏ ਜਦੋਂ ਕਰਦਾਤਿਆਂ ਦਾ ਪੈਸਾ ਲੀਡਰਾਂ ਵੱਲੋਂ ਲੁੱਟ ਕੇ ਬੈਂਕਾਂ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਸੀ ਪਰ ਹੁਣ ਇਹ ਪੈਸਾ ਆਮ ਲੋਕਾਂ ਦੀ ਭਲਾਈ ਲਈ ਸੋਚ ਸਮਝ ਕੇ ਵਰਤਿਆ ਜਾਵੇਗਾ। ਭਗਵੰਤ ਮਾਨ ਨੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਅਤੇ ਸਮਰਥਨ ਦੀ ਮੰਗ ਕੀਤੀ।
Get the latest update about cm mann, check out more about luxury buses, Volvo buses from Punjab to Delhi international airport, transport mafia & bhagwant mann
Like us on Facebook or follow us on Twitter for more updates.