ਤੁਸੀਂ ਅਕਸਰ ਕਈ ਅਜਿਹੀਆਂ ਕੰਪਨੀਆਂ ਬਾਰੇ ਸੁਣਿਆ ਹੋਵੇਗਾ ਜੋ ਆਪਣੇ ਕਰਮਚਾਰੀਆਂ ਨੂੰ ਖੁਸ਼ ਰੱਖਣ ਲਈ ਵੱਡੀਆਂ-ਵੱਡੀਆਂ ਸੁਵਿਧਾਵਾਂ ਪ੍ਰਦਾਨ ਕਰਦੀਆਂ ਹਨ। ਇਸੇ ਵਿਚਾਲੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੀ ਕੰਪਨੀ ਬਾਰੇ ਜਿਸ ਨੇ ਆਪਣੇ ਕਰਮਚਾਰੀਆਂ ਨੂੰ 700 ਕਰੋੜ ਰੁਪਏ ਦਾ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਸ ਕੰਪਨੀ ਦਾ ਨਾਂ ਹੈ ‘ਐਚਸੀਐਲ ਟੈੱਕ’।
ਕੰਪਨੀ ਅਨੁਸਾਰ ਉਹ ਦੁਨੀਆ ਭਰ ’ਚ ਮੌਜੂਦ ਆਪਣੇ ਮੁਲਾਜ਼ਮਾਂ ਨੂੰ ਵਨਟਾਈਮ ਸਪੈਸ਼ਲ ਬੋਨਸ ਦੇਣ ਜਾ ਰਹੀ ਹੈ; ਜਿਸ ਦਿਨ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ 10 ਦਿਨਾਂ ਦੀ ਤਨਖ਼ਾਹ ਦੇ ਬਰਾਬਰ ਬੋਨਸ ਦਿੱਤਾ ਜਾਵੇਗਾ। ਇਹ ਬੋਨਸ ਉਨ੍ਹਾਂ ਹੀ ਮੁਲਾਜ਼ਮਾਂ ਨੂੰ ਮਿਲੇਗਾ, ਜਿਨ੍ਹਾਂ ਨੂੰ ਕੰਪਨੀ ਵਿਚ ਕੰਮ ਕਰਦਿਆਂ ਇਕ ਸਾਲ ਜਾਂ ਉਸ ਤੋਂ ਵਧ ਸਮਾਂ ਹੋ ਗਿਆ ਹੈ। ਇਹ ਸਪੈਸ਼ਲ ਬੋਨਸ ਕਰਮਚਾਰੀਆਂ ਨੂੰ ਫ਼ਰਵਰੀ 2021 ਦੀ ਤਨਖ਼ਾਹ ਨਾਲ ਮਿਲਣ ਜਾ ਰਿਹਾ ਹੈ। ਕੰਪਨੀ ਮੁਤਾਬਕ ਇਸ ਪੂਰੀ ਯੋਜਨਾ ਉੱਤੇ 700 ਕਰੋੜ ਰੁਪਏ ਖ਼ਰਚ ਹੋਣਗੇ। ਕੰਪਨੀ ਨੇ ਇਹ ਬੋਨਸ ਸਾਲ 2020 ’ਚ 10 ਅਰਬ ਡਾਲਰ ਦੀ ਆਮਦਨ ਦਾ ਟੀਚਾ ਪਾਰ ਕਰਨ ਕਰਕੇ ਦਿੱਤਾ ਹੈ। ਕੰਪਨੀ ਨੇ ਆਪਣੇ ਬਿਆਨ ’ਚ ਕਿਹਾ ਕਿ ਕਰਮਚਾਰੀਆਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ।
ਦਸੰਬਰ ਤਿਮਾਹੀ ਵਿੱਚ ਕੰਪਨੀ ਦਾ ਸ਼ੁੱਧ ਲਾਭ 31 ਫ਼ੀਸਦੀ ਵਾਧੇ ਨਾਲ 3,982 ਕਰੋੜ ਰੁਪਏ ਰਿਹਾ ਹੈ। ਆਮਦਨ 6.4 ਫ਼ੀਸਦੀ ਦੇ ਵਾਧੇ ਨਾਲ 19,302 ਕਰੋੜ ਰੁਪਏ ਦੇ ਪੱਧਰ ਉੱਤੇ ਪੁੱਜ ਗਈ। ਇਸ ਦੇ ਨਾਲ ਹੀ ਕੰਪਨੀ ਨੇ ਜਾਰੀ ਤਿਮਾਹੀ ਲਈ ਆਪਣੀ ਆਮਦਨ ਵਿੱਚ ਵਾਧੇ ਦਾ ਅਨੁਮਾਨ ਵੀ ਵਧਾ ਦਿੱਤਾ।