ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਸੰਕਟ ਇਕ ਵਾਰ ਫਿਰ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਵਿਚ ਬੀਤੇ ਦਿਨ 1.68 ਲੱਖ ਕੇਸ ਦਰਜ ਕੀਤੇ ਗਏ ਹਨ। ਮਾਮਲਿਆਂ ਦੀ ਵਧਦੀ ਰਫਤਾਰ ਦੇ ਵਿਚਾਲੇ ਦਿੱਲੀ-ਮਹਾਰਾਸ਼ਟਰ ਜਿਹੇ ਸੂਬਿਆਂ ਵਿਚ ਬੈੱਡਾਂ ਦੀ ਕਮੀ ਹੋ ਗਈ ਹੈ। ਦਿੱਲੀ ਵਿਚ ਤਕਰੀਬਨ 17 ਵੱਡੇ ਹਸਪਤਾਲ ਅਜਿਹੇ ਹਨ, ਜਿਥੇ ਇਕ ਵੀ ਕੋਰੋਨਾ ਸਪੈਸ਼ਲ ਬੈੱਡ ਖਾਲੀ ਨਹੀਂ ਹੈ। ਰਾਜਧਾਨੀ ਵਿਚ ਵਧਦੇ ਮਾਮਲਿਆਂ ਵਿਚਾਲੇ ਵੱਡਾ ਸੰਕਟ ਪੈਦਾ ਹੋ ਗਿਆ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 10 ਹਜ਼ਾਰ ਪਾਰ ਜਾਣ ਦਾ ਅਸਰ ਦਿਖਣ ਲੱਗਿਆ ਹੈ। ਰਾਜਧਾਨੀ ਦੇ ਵੱਡੇ ਪ੍ਰਾਈਵੇਟ ਹਸਪਤਾਲਾਂ ਵਿਚ ਬੈੱਡਾਂ ਦੀ ਕਿੱਲਤ ਹੋ ਰਹੀ ਹੈ ਤਾਂ ਇਕ ਦਰਜਨ ਤੋਂ ਵਧੇਰੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਬੈੱਡਾਂ ਦੀ ਉਪਲੱਬਧਤਾ ਸਿਫਰ ਹੋ ਗਈ ਹੈ। ਦਿੱਲੀ ਸਰਕਾਰ ਦੀ ਕੋਰੋਨਾ ਐਪ ਦੇ ਮੁਤਾਬਕ 12 ਅਪ੍ਰੈਲ ਦੁਪਹਿਰੇ 1 ਵਜੇ ਤੱਕ 17 ਵੱਡੇ ਪ੍ਰਾਈਵੇਡ ਹਸਪਤਾਲਾਂ ਵਿਚ ਕੋਰੋਨਾ ਬੈੱਡਾਂ ਦੀ ਗਿਣਤੀ ਸਿਫਰ ਹੋ ਗਈ ਯਾਨੀ ਇਨ੍ਹਾਂ ਹਸਪਤਾਲਾਂ ਵਿਚ ਆਮ ਕੋਰਨਾ ਮਰੀਜ਼ਾਂ ਲਈ ਇਕ ਵੀ ਬੈੱਡ ਖਾਲੀ ਨਹੀਂ ਹੈ।
ਦੱਸ ਦਈਏ ਕਿ ਇਹ ਸਿਰਫ ਪ੍ਰਾਈਵੇਟ ਹਸਪਤਾਲਾਂ ਦੀ ਜਾਣਕਾਰੀ ਹੈ ਜਿਥੇ ਬੈੱਡਾਂ ਦੀ ਕਮੀ ਹੈ। ਪਰ ਜੇਕਰ ਕੇਂਦਰ ਤੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਨੂੰ ਵੀ ਮਿਲਾ ਲਿਆ ਜਾਵੇ ਤਾਂ ਇਹ ਤਕਰੀਬਨ 50 ਹਸਪਤਾਲ ਅਜਿਹੇ ਹਨ ਜਿਥੇ ਬੈੱਡਾਂ ਨੂੰ ਲੈ ਕੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕੋਰੋਨਾ ਸੰਕਟ ਉੱਤੇ ਬੈਠਕ ਕੀਤੀ। ਅਰਵਿੰਦ ਕੇਜਰੀਵਾਲ ਨੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਬੈੱਡਾਂ ਨੂੰ ਵਧਾਉਣ ਦੇ ਹੁਕਮ ਦਿੱਤੇ ਹਨ। ਕਈ ਹਸਪਤਾਲਾਂ ਨੂੰ ਫਿਰ ਤੋਂ ਪੂਰੀ ਤਰ੍ਹਾਂ ਕੋਵਿਡ ਸਪੈਸ਼ਲ ਬਣਾਇਆ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਲੋਕ ਕੋਰੋਨਾ ਗਾਈਡਲਾਈਨ ਦਾ ਪਾਲਣ ਕਰਨ, ਬਿਨਾਂ ਕਾਰਨ ਹਸਪਤਾਲਾਂ ਵੱਲ ਨਾ ਭੱਜਨ, ਜੇਕਰ ਯੋਗ ਹੋ ਤਾਂ ਵੈਕਸੀਨ ਜ਼ਰੂਰ ਲਵਾਓ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਇਸ ਵੇਲੇ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਬਹੁਤ ਖਰਾਬ ਹਨ। ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੁੱਲ 1.68 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 900 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਹੁਣ ਬ੍ਰਾਜ਼ੀਲ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਦੂਜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਮਹਾਰਾਸ਼ਟਰ ਵਿਚ ਬੀਤੇ ਦਿਨ 63 ਹਜ਼ਾਰ, ਦਿੱਲੀ ਵਿਚ 10 ਹਜ਼ਾਰ ਤੋਂ ਵਧੇਰੇ ਤੇ ਯੂਪੀ ਵਿਚ ਵੀ 10 ਹਜ਼ਾਰ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਸਨ।
Get the latest update about Truescoop, check out more about beds shortage, coronavirus, cases & delhi
Like us on Facebook or follow us on Twitter for more updates.