ਅਕਸਰ ਕਈ ਵਾਰ ਸਾਡੇ ਨਾਲ ਅਜਿਹਾ ਹੋ ਜਾਂਦਾ ਹੈ ਕਿ ਸਾਡਾ ਕੋਈ ਫੇਵਰੇਟ ਸਟਾਰ ਸਾਡੇ ਸਾਹਮਣੇ ਅਚਾਨਕ ਆ ਜਾਂਦਾ ਹੈ ਅਤੇ ਸਾਡੇ ਅਚਾਨਕ ਹੋਸ਼ ਗੁੱਲ ਹੋ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਮੈਲਬੋਰਨ ਵਿਚ ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਫੈਨ ਸਾਹਮਣੇ ਅਚਾਨਕ ਉਸ ਦੇ ਫੇਰਵਰੇਟ ਸੁਪਰਸਟਾਰ ਆ ਬੈਠੇ। ਇੰਨਾਂ ਹੀ ਨਹੀਂ ਇਸ ਵੱਡੇ ਦਿਲ ਵਾਲੇ ਫੈਨ ਨੇ ਵੀ ਆਪਣੇ ਪਸੰਦੀਦਾ ਖਿਡਾਰੀਆਂ ਦੇ ਖਾਣੇ ਦਾ ਬਿੱਲ ਅਦਾ ਕੀਤਾ ਅਤੇ ਇਸ ਦੀ ਇਕ ਵੀਡੀਓ ਵੀ ਸਾਂਝੀ ਕੀਤੀ।
ਮਿਲੀ ਜਾਣਕਾਰੀ ਮੁਤਾਬਕ 1 ਜਨਵਰੀ ਨੂੰ ਨਵੇਂ ਸਾਲ ਦੇ ਮੌਕੇ ’ਤੇ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁੱਭਮਨ ਗਿੱਲ ਤੇ ਨਵਦੀਪ ਸੈਨੀ ਮੈਲਬੋਰਨ ਦੇ ਰੈਸਟੋਰੈਂਟ ’ਚ ਖਾਣਾ ਖਾਣ ਪਹੁੰਚੇ ਸਨ। ਜਦੋਂ ਇਹ ਖਿਡਾਰੀ ਲੰਚ ਕਰਨ ਦੇ ਬਾਅਦ ਪੈਸੇ ਦੇਣ ਗਏ ਤਾਂ ਪਤਾ ਲੱਗਾ ਕਿ ਨਵਦੀਪ ਸਿੰਘ ਨਾਂ ਦੇ ਇਕ ਕ੍ਰਿਕਟ ਪ੍ਰਸ਼ੰਸਕ ਨੇ ਉਨ੍ਹਾਂ ਦੇ ਬਿੱਲ ਅਦਾ ਕਰ ਦਿੱਤਾ ਹੈ। ਨਵਦੀਪ ਨੇ ਆਪਣੇ ਟਵਿੱਟਰ ਹੈਂਡਲ ’ਤੇ ਵੀਡੀਓ ਵੀ ਸ਼ੇਅਰ ਕੀਤਾ ਹੈ।
ਨਵਦੀਪ ਨੇ ਲਿਖਿਆ, ‘‘ਜਦੋਂ ਰੋਹਿਤ ਤੇ ਹੋਰ ਖਿਡਾਰੀਆਂ ਨੂੰ ਪਤਾ ਲੱਗਾ ਤਾਂ ਉਹ ਸਭ ਉਸ ਦੇ ਕੋਲ ਆਏ ਤੇ ਪੈਸਾ ਵਾਪਸ ਕਰਨ ਲੱਗੇ ਪਰ ਮੈਂ ਮਨ੍ਹਾ ਕਰ ਦਿੱਤਾ। ਜਦੋਂ ਸਾਰੇ ਖਿਡਾਰੀ ਜਾਣ ਲੱਗੇ ਪੰਤ ਨੇ ਮੇਰੀ ਪਤਨੀ ਨੂੰ ਲੰਚ ਲਈ ਧੰਨਵਾਦ ਕੀਤਾ।'
ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਆਸਟਰੇਲੀਆ ਦੌਰੇ ਉੱਤੇ ਹੈ। ਜਿੱਥੇ ਟੀਮ ਇੰਡੀਆ ਇਸ ਸਮੇਂ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਖੇਡ ਰਹੀ ਹੈ। ਚਾਰ ਮੈਚਾਂ ਦੀ ਟੈਸਟ ਸੀਰੀਜ਼ 1-1 ਨਾਲ ਬਰਾਬਰ ਹੈ। ਦੋਹਾਂ ਟੀਮਾਂ ਵਿਚਾਲੇ ਅਗਲਾ ਮੈਚ 7 ਜਨਵਰੀ ਨੂੰ ਸਿਡਨੀ ਕ੍ਰਿਕਟ ਗਰਾਊਂਡ ’ਤੇ ਖੇਡਿਆ ਜਾਵੇਗਾ। ਤੀਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਕਾਫ਼ੀ ਰਿਲੈਕਸ ਦਿਸ ਰਹੀ ਹੈ।