ਡੀਸੀ ਜਲੰਧਰ ਨੇ ਕਿਸ਼ੋਰ ਵਰਗ ਦੇ ਸੌ ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼, 126 ਨੋਡਲ ਅਫਸਰਾਂ ਦੀ ਹੋਈ ਨਿਯੁਕਤੀ

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੂਹ ਐਸ.ਡੀ.ਐਮਜ਼ ਤੇ ਨੋਡਲ ਅਫ਼ਸਰਾਂ ਨਾਲ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 1465 ਸਰਕਾਰੀ ਅਤੇ ਪ੍ਰਾਈਵੇਟ...

ਜਲੰਧਰ ’ਚ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦੇ ਸੌ ਫੀਸਦੀ ਕੋਵਿਡ ਟੀਕਾਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਸਕੂਲਾਂ ਨਾਲ ਤਾਲਮੇਲ ਕਰਨ ਲਈ 126 ਸਿਵਲ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ ਤਾਂ ਜੋ ਜ਼ਿਲ੍ਹੇ ਵਿੱਚ ਪੈਂਦੀਆਂ ਸਬ ਡਵੀਜ਼ਨਾਂ ਅਧੀਨ ਆਉਂਦੇ ਸਕੂਲਾਂ ਵਿੱਚ ਇਸ ਉਮਰ ਵਰਗ ਦੇ ਸਮੁੱਚੇ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਤਹਿਤ ਕਵਰ ਕੀਤਾ ਜਾ ਸਕੇ।
ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੂਹ ਐਸ.ਡੀ.ਐਮਜ਼ ਤੇ ਨੋਡਲ ਅਫ਼ਸਰਾਂ ਨਾਲ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 1465 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਲਈ 126 ਸਿਵਲ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਤਾਂ ਜੋ 12 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਟੀਕਾਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਟੀਕਾਕਰਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਬ ਡਵੀਜ਼ਨ ਜਲੰਧਰ-1 ਦੇ 434 ਸਕੂਲਾਂ ਲਈ 35 ਸਿਵਲ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਸੇ ਤਰ੍ਹਾਂ ਸਬ ਡਵੀਜ਼ਨ ਜਲੰਧਰ-2 ਦੇ 364 ਸਕੂਲਾਂ ਲਈ 29, ਨਕੋਦਰ ਦੇ 164 ਸਕੂਲਾਂ ਲਈ 17, ਫਿਲੌਰ ਦੇ 306 ਸਕੂਲਾਂ ਲਈ 25 ਅਤੇ ਸ਼ਾਹਕੋਟ ਦੇ 197 ਸਕੂਲਾਂ ਲਈ 20 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਉਮਰ ਵਰਗ ਦੇ 68394 ਲਾਭਪਾਤਰੀਆਂ ਵਿੱਚੋਂ ਹੁਣ ਤੱਕ ਜ਼ਿਲ੍ਹੇ ਵਿੱਚੋਂ ਕੁੱਲ 23162 ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਪੈਂਦੇ ਸਕੂਲਾਂ ਵਿੱਚ ਸਬੰਧਤ ਨੋਡਲ ਅਫ਼ਸਰਾਂ ਦੇ ਸਹਿਯੋਗ ਨਾਲ ਕਿਸ਼ੋਰਾਂ ਸਮੇਤ 12 ਤੋਂ 14 ਸਾਲ ਉਮਰ ਵਰਗ ਦੇ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਤਾਂ ਜੋ ਸੌ ਫੀਸਦੀ ਟੀਕਾਕਰਨ ਦਾ ਟੀਚਾ ਜਲਦੀ ਤੋਂ ਜਲਦੀ ਪ੍ਰਾਪਤ ਕੀਤਾ ਜਾ ਸਕੇ। ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸਮੁੱਚੇ ਪ੍ਰਾਈਵੇਟ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਆਪਣੇ 12 ਤੋਂ 14 ਸਾਲ ਉਮਰ ਵਰਗ ਦੇ ਵਿਦਿਆਰਥੀਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਨੂੰ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਵੈਕਸੀਨ ਲਗਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਵਰਚੁਅਲ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਸਮੂਹ ਐਸ.ਡੀ.ਐਮਜ਼ ਤੇ ਨੋਡਲ ਅਫ਼ਸਰ ਮੌਜੂਦ ਸਨ।

Get the latest update about ghanshyam thori, check out more about dc jalandhar, punjab mews, covid update & vaccination for teenages

Like us on Facebook or follow us on Twitter for more updates.