ਡੀਸੀ ਜਲੰਧਰ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨਾਲ ਪ੍ਰਗਤੀ ਦਾ ਲਿਆ ਜਾਇਜ਼ਾ, ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਕਾਗਜ਼ੀ ਕਾਰਵਾਈ ਨੂੰ ਤੇਜ਼ ਦੇ ਦਿੱਤੇ ਹੁਕਮ

ਨੈਸ਼ਨਲ ਹਾਈਵੇ ਅਥਾਰਟੀਜ਼ ਆਫ਼ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਪੀ.ਏ.ਪੀ. ਰੇਲਵੇ ਕਰਾਸਿੰਗ 'ਤੇ ਦੋ ਮਾਰਗੀ ਰੇਲਵੇ ਓਵਰ ਬ੍ਰਿਜ..

 ਨੈਸ਼ਨਲ ਹਾਈਵੇ ਅਥਾਰਟੀਜ਼ ਆਫ਼ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਪੀ.ਏ.ਪੀ. ਰੇਲਵੇ ਕਰਾਸਿੰਗ 'ਤੇ ਦੋ ਮਾਰਗੀ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਆਪਣੀ ਪਹਿਲੀ ਯੋਜਨਾ, ਜਿਸਨੂੰ ਕਿ ਰੇਲਵੇ ਅਥਾਰਟੀ ਵੱਲੋਂ ਤਕਨੀਕੀ ਕਾਰਨਾਂ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਗਿਆ ਹੈ, ਦੀ ਥਾਂ ਚਹੁੰ ਮਾਰਗੀ ਫਲਾਈਓਵਰ ਦੇ ਨਿਰਮਾਣ ਲਈ ਨਵਾਂ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।
        ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਨ.ਐਚ.ਏ.ਆਈ. ਦੇ ਉੱਚ ਅਧਿਕਾਰੀਆਂ ਤੋਂ ਇਸ ਨਵੀਂ ਤਜਵੀਜ਼ ਦੀ ਪ੍ਰਵਾਨਗੀ ਲਈ ਕਾਗਜ਼ੀ ਕਾਰਵਾਈ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨ.ਐਚ.ਏ.ਆਈ. ਵੱਲੋਂ ਪਹਿਲਾਂ ਇਸ ਟ੍ਰੈਫਿਕ ਜੰਕਸ਼ਨ 'ਤੇ ਦੋ-ਮਾਰਗੀ ਫਲਾਈਓਵਰ ਬਣਾਉਣ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਨੂੰ ਰੇਲਵੇ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰੇਲਵੇ ਅਥਾਰਟੀ ਵੱਲੋਂ ਸ਼ੁਰੂਆਤੀ ਪ੍ਰਸਤਾਵ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਐਨ.ਐਚ.ਏ.ਆਈ. ਵੱਲੋਂ ਪਹਿਲਾਂ ਵਾਲੇ ਦੋ-ਮਾਰਗੀ ਆਰ.ਓ.ਬੀ. ਦੀ ਬਜਾਏ ਚਹੁੰ ਮਾਰਗੀ ਫਲਾਈਓਵਰ ਬਣਾਉਣ ਦੀ ਇੱਕ ਹੋਰ ਤਜਵੀਜ਼ ਪੇਸ਼ ਕੀਤੀ ਗਈ ਹੈ, ਜੋ ਯਾਤਰੀਆਂ ਨੂੰ ਕੁੱਲ ਛੇ-ਲੇਨ ਪ੍ਰਦਾਨ ਕਰੇਗਾ ਕਿਉਂਕਿ ਮੌਜੂਦਾ ਦੋ ਮਾਰਗੀ ਫਲਾਈਓਵਰ ਨੂੰ ਇਸ ਦੇ ਨਾਲ ਜੋੜਿਆ ਜਾਵੇਗਾ।
        ਘਨਸ਼ਿਆਮ ਥੋਰੀ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਦੀ ਜਲਦ ਪ੍ਰਵਾਨਗੀ ਲਈ ਆਪਣੇ ਉੱਚ ਅਧਿਕਾਰੀਆਂ ਪਾਸ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਲਈ ਲੋੜੀਂਦੀ ਪੈਰਵੀ ਕਰਨ ਲਈ ਕਿਹਾ ਤਾਂ ਜੋ ਬਿਨਾਂ ਕਿਸੇ ਦੇਰੀ ਦੇ ਇਸ ਨੂੰ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਇਸ ਫਲਾਈਓਵਰ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ, ਜਿਸ ਦੇ ਬਣਨ ਨਾਲ ਲੱਖਾਂ ਯਾਤਰੀਆਂ ਨੂੰ ਸਹੂਲਤ ਹੋਵੇਗੀ ਕਿਉਂਕਿ ਇਹ ਮਹੱਤਵਪੂਰਨ ਬਿੰਦੂ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਨਵੀਂ ਦਿੱਲੀ ਤੋਂ ਇਲਾਵਾ ਨੇੜਲੇ ਰਾਜਾਂ ਤੋਂ ਆਵਾਜਾਈ ਨਾਲ ਸੰਬੰਧਿਤ ਹੈ। ਉਨ੍ਹਾਂ ਕਿਹਾ ਕਿ ਪੀ.ਏ.ਪੀ. ਚੌਕ ਇੱਕ ਟ੍ਰੈਫਿਕ ਜੰਕਸ਼ਨ ਵਜੋਂ ਕੰਮ ਕਰਦਾ ਹੈ, ਜਿਥੋਂ ਕਈ ਰਾਜਾਂ ਦੇ ਯਾਤਰੀ ਆਪਣੀ ਮੰਜ਼ਿਲ ਵੱਲ ਜਾਣ ਲਈ ਗੁਜ਼ਰਦੇ ਹਨ।
        ਐਨ.ਐਚ.ਏ.ਆਈ. ਦੇ ਪ੍ਰਾਜੈਕਟ ਡਾਇਰੈਕਟਰ ਹਰਮੇਸ਼ ਮਿੱਤਲ ਨੇ ਅੱਗੇ ਦੱਸਿਆ ਕਿ ਨਵੇਂ ਚਹੁੰ ਮਾਰਗੀ ਪ੍ਰਾਜੈਕਟ ਦੀ ਲਾਗਤ ਪਹਿਲਾਂ ਵਾਲੇ ਪ੍ਰਾਜੈਕਟ ਦੇ ਬਰਾਬਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਦੇ ਲਈ ਸਾਈਟ ਤੋਂ ਹਾਈ-ਟੈਂਸ਼ਨ ਬਿਜਲੀ ਤਾਰਾਂ ਨੂੰ ਤਬਦੀਲ ਕਰਨ ਦੀ ਲੋੜ ਨਹੀਂ ਪਵੇਗੀ, ਜਿਸ ਸਦਕਾ ਬਹੁਤ ਸਾਰੇ ਪੈਸੇ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਇੱਕ ਵਾਰ ਤਜਵੀਜ ਐਨ.ਐਚ.ਏ.ਆਈ. ਦੀ ਸਮਰੱਥ ਅਥਾਰਟੀ ਰਾਹੀਂ ਪ੍ਰਵਾਨ ਹੋਣ ਤੋਂ ਬਾਅਦ ਇਸ ਨੂੰ ਰੇਲਵੇ ਨੂੰ ਉਨ੍ਹਾਂ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਜਨਰਲ ਐਗਰੀਮੈਂਟ ਡਰਾਇੰਗ (ਜੀ.ਏ.ਡੀ.) ਦੇ ਨਾਲ ਵਿਸਥਾਰਿਤ ਪ੍ਰਾਜੈਕਟ ਰਿਪੋਰਟ ਨੂੰ ਅੰਤਮ ਪ੍ਰਵਾਨਗੀ ਲਈ ਐਨ.ਐਚ.ਏ.ਆਈ. ਨੂੰ ਸੌਂਪ ਦਿੱਤਾ ਗਿਆ ਹੈ। ਸਾਰੇ ਭਾਗੀਦਾਰਾਂ ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਹੋਣ ਤੋਂ ਬਾਅਦ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ।

Get the latest update about dc jalanadhar, check out more about jalandhar news, punjabi news, true scoop punjabi & nhia

Like us on Facebook or follow us on Twitter for more updates.