ਕਿਸਾਨਾਂ ਲਈ ਜ਼ਿਲ੍ਹਾ ਮੰਡੀ ਬੋਰਡ ਦਾ ਉਪਰਾਲਾ, ਕਣਕ ਦੀ ਸਿੱਧੀ ਅਦਾਇਗੀ ਵਾਸਤੇ ਫਾਰਮਰ ਹੈਲਪ ਡੈਸਕ ਸ਼ੁਰੂ

ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਫ਼ਸਲ ਵੇਚਣ ਵਾਲੇ ਕਿਸਾਨਾਂ ਦੀ 'ਅਨਾਜ ਖ਼ਰੀਦ ਪੋਰਟ...

ਜਲੰਧਰ: ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਫ਼ਸਲ ਵੇਚਣ ਵਾਲੇ ਕਿਸਾਨਾਂ ਦੀ 'ਅਨਾਜ ਖ਼ਰੀਦ ਪੋਰਟਲ' 'ਤੇ ਮੁਫ਼ਤ ਰਜਿਸਟਰੇਸ਼ਨ ਵਾਸਤੇ ਜ਼ਿਲ੍ਹਾ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਵਿੱਚ ਫਾਰਮਰ ਹੈਲਪ ਡੈਸਕਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਦੀ ਬੈਂਕਾਂ ਰਾਹੀਂ ਸਿੱਧੀ ਅਦਾਇਗੀ ਪ੍ਰਾਪਤ ਕਰਨ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਮਾਰਕੀਟ ਕਮੇਟੀ ਗੋਰਾਇਆ ਵਿਖੇ ਫਾਰਮਰ ਹੈਪਲ ਡੈਸਕ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੇ ਦੱਸਿਆ ਕਿ ਜ਼ਿਲ੍ਹਾ ਮੰਡੀ ਬੋਰਡ ਵੱਲੋਂ ਜ਼ਿਲ੍ਹੇ ਦੇ 12 ਮਾਰਕੀਟ ਕਮੇਟੀ ਦਫ਼ਤਰਾਂ, ਜਿਨ੍ਹਾਂ ਵਿੱਚ ਮਾਰਕੀਟ ਕਮੇਟੀ ਜਲੰਧਰ ਸ਼ਹਿਰ, ਮਾਰਕੀਟ ਕਮੇਟੀ ਜਲੰਧਰ ਕੈਂਟ, ਮਾਰਕੀਟ ਕਮੇਟੀ ਫਿਲੌਰ, ਮਾਰਕੀਟ ਕਮੇਟੀ ਨੂਰਮਹਿਲ, ਮਾਰਕੀਟ ਕਮੇਟੀ ਨਕੋਦਰ, ਮਾਰਕੀਟ ਕਮੇਟੀ ਸ਼ਾਹਕੋਟ, ਮਾਰਕੀਟ ਕਮੇਟੀ ਲੋਹੀਆਂ ਖਾਸ, ਮਾਰਕੀਟ ਮਹਿਤਪੁਰ, ਮਾਰਕੀਟ ਕਮੇਟੀ ਬਿਲਗਾ, ਮਾਰਕੀਟ ਕਮੇਟੀ ਆਦਮਪੁਰ ਅਤੇ ਮਾਰਕੀਟ ਭੋਗਪੁਰ ਸ਼ਾਮਲ ਹਨ, ਵਿੱਚ ਕਿਸਾਨਾਂ ਦੀ ਸਹੂਲਤ ਲਈ ਫਾਰਮਰ ਹੈਲਪ ਡੈਸਕ ਸ਼ੁਰੂ ਕੀਤੇ ਗਏ ਹਨ, ਜਿਥੇ ਕਿਸਾਨ ਆਪਣੇ ਬੈਂਕ ਖਾਤਿਆਂ ਵਿੱਚ ਫ਼ਸਲ ਦੀ ਸਿੱਧੀ ਅਦਾਇਗੀ ਪ੍ਰਾਪਤ ਕਰਨ ਵਾਸਤੇ ਮੁਫ਼ਤ ਵਿੱਚ 'ਅਨਾਜ ਖ਼ਰੀਦ ਪੋਰਟਲ' 'ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। 

ਉਨ੍ਹਾਂ ਅੱਗੇ ਦੱਸਿਆ ਕਿ ਪੋਰਟਲ 'ਤੇ ਮੁਫ਼ਤ ਰਜਿਸਟਰੇਸ਼ਨ ਲਈ ਕਿਸਾਨ ਆਪਣੇ ਨਾਲ ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ ਨਾਲ ਲੈ ਕੇ ਆਉਣ । ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣਾ ਰਜਿਸਟਰਡ ਮੋਬਾਇਲ ਨੰਬਰ ਦੇਣ ਦੀ ਲੋੜ ਹੈ, ਜਿਸ 'ਤੇ ਸਿੱਧੀ ਅਦਾਇਗੀ ਸਬੰਧੀ ਓ.ਟੀ.ਪੀ. ਭੇਜਿਆ ਜਾਂਦਾ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨ ਹੈਲਪ ਲਾਈਨ ਨੰਬਰ 0181-5019252 ਵੀ ਜਾਰੀ ਕੀਤਾ ਗਿਆ ਹੈ, ਜਿਸ 'ਤੇ ਕਿਸਾਨ ਫ਼ਸਲ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਕੋਈ ਵੀ ਮੁਸ਼ਕਲ ਆਉਣ 'ਤੇ ਸੰਪਰਕ ਕਰ ਸਕਦੇ ਹਨ। 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੰਡੀ ਬੋਰਡ ਕਿਸਾਨਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਖਰੀਦ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਵਚਨਬੱਧ ਹੈ, ਜਿਸ ਲਈ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਰੋਗਾਣੂ ਮੁਕਤ ਸੋਡੀਅਮ ਹਾਈਪੋ ਕਲੋਰਾਈਟ ਦੇ ਛਿੜਕਾਅ, ਸੈਨੇਟਾਈਜ਼ਰ, ਪੀਣ ਵਾਲੇ ਪਾਣੀ, ਹੱਥ ਧੋਣ ਲਈ ਸਾਬਣ ਆਦਿ ਸਮੇਤ ਸਮੁੱਚੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ, ਆੜ੍ਹਤੀਆਂ ਅਤੇ ਹੋਰਨਾਂ ਨੂੰ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਕੋਵਿਡ-19 ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਕਿਸਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। 

Get the latest update about Truescoop News, check out more about District Mandi Boards, direct payment, wheat & Jalandhar

Like us on Facebook or follow us on Twitter for more updates.