ਵਿਜੀਲੈਂਸ ਦੇ ਰਾਡਾਰ 'ਤੇ ਓਪੀ ਸੋਨੀ: ਅੰਮ੍ਰਿਤਸਰ ਦਫ਼ਤਰ ਹੋਏ ਪੇਸ਼, ਆਮਦਨ ਤੇ ਜਾਇਦਾਦ ਦਾ ਮੰਗਿਆ ਵੇਰਵਾ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਬਿ...

ਵੈੱਬ ਸੈਕਸ਼ਨ - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਕੀਤੇ ਸੰਮਨ ਤੋਂ ਬਾਅਦ ਆਪਣਾ ਪੱਖ ਪੇਸ਼ ਕਰਨ ਲਈ ਅੰਮ੍ਰਿਤਸਰ ਦੇ ਐੱਸਐੱਸਪੀ ਵਿਜੀਲੈਂਸ ਬਿਊਰੋ ਦੇ ਦਫ਼ਤਰ ਪੁੱਜੇ ਹਨ। ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਕਮਿਸ਼ਨਰੇਟ ਦਫ਼ਤਰ ਦੀ ਤੀਜੀ ਮੰਜ਼ਿਲ 'ਤੇ ਚਲੇ ਗਏ, ਜਿੱਥੇ ਉਨ੍ਹਾਂ ਤੋਂ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਚ ਪੁੱਛਗਿੱਛ ਕੀਤੀ ਜਾਣੀ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸੀ ਮੰਤਰੀਆਂ ਤੋਂ ਬਾਅਦ ਹੁਣ ਸਾਬਕਾ ਡਿਪਟੀ ਸੀਐੱਮ ਓਮ ਪ੍ਰਕਾਸ਼ ਸੋਨੀ ਵੀ ਵਿਜੀਲੈਂਸ ਬਿਊਰੋ ਦੇ ਰਡਾਰ 'ਤੇ ਆ ਗਏ ਹਨ। ਹਾਲ ਹੀ ਵਿੱਚ ਵਿਜੀਲੈਂਸ ਵਿਭਾਗ ਦਾ ਇੱਕ ਨੋਟਿਸ ਰਾਣੀ ਕਾ ਬਾਗ ਸਥਿਤ ਸਾਬਕਾ ਉਪ ਮੁੱਖ ਮੰਤਰੀ ਦੇ ਘਰ ਪਹੁੰਚਿਆ ਸੀ। ਜਿਸ ਵਿੱਚ ਉਨ੍ਹਾਂ ਨੂੰ 25 ਨਵੰਬਰ ਦਿਨ ਸ਼ਨੀਵਾਰ ਨੂੰ ਐੱਸਐੱਸਪੀ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਪਰ ਬਿਜ਼ੀ ਹੋਣ ਤੇ ਸ਼ਹਿਰ ਤੋਂ ਬਾਹਰ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੇ ਹੋਰ ਸਮਾਂ ਮੰਗਿਆ ਸੀ।

ਕੀਤੀ ਜਾਣੀ ਹੈ ਜਾਇਦਾਦ ਦੀ ਜਾਂਚ
ਸਾਬਕਾ ਉਪ ਮੁੱਖ ਮੰਤਰੀ ਦੇ ਘਰ ਵਿਜੀਲੈਂਸ ਬਿਊਰੋ ਵੱਲੋਂ ਦਿੱਤੇ ਨੋਟਿਸ ਵਿੱਚ ਉਨ੍ਹਾਂ ਨੂੰ ਆਮਦਨ ਸਬੰਧੀ ਜਾਣਕਾਰੀ ਅਤੇ ਵੇਰਵੇ ਪੇਸ਼ ਕਰਨ ਲਈ ਕਿਹਾ ਗਿਆ ਹੈ। ਸਪੱਸ਼ਟ ਹੈ ਕਿ ਇਸ ਦੌਰਾਨ 2017 ਤੋਂ 2022 ਤੱਕ ਦੀ ਆਮਦਨ ਦੀ ਜਾਂਚ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ ਇਸ ਦੌਰਾਨ ਉਨ੍ਹਾਂ ਤੋਂ ਜਾਇਦਾਦ ਦਾ ਵੇਰਵਾ ਵੀ ਮੰਗਿਆ ਗਿਆ ਹੈ।

ਸੈਨੀਟਾਈਜ਼ਰ ਘੁਟਾਲੇ 'ਚ ਵੀ ਆਇਆ ਸੀ ਨਾਂ
ਇਸ ਸਾਲ ਜੁਲਾਈ ਮਹੀਨੇ ਸਾਬਕਾ ਉਪ ਮੁੱਖ ਮੰਤਰੀ ਦਾ ਨਾਂ ਵੀ ਸੈਨੀਟਾਈਜ਼ਰ ਘੁਟਾਲੇ ਨਾਲ ਜੁੜਿਆ ਸੀ। ਹਾਲਾਂਕਿ ਸੋਨੀ ਇਸ ਤੋਂ ਇਨਕਾਰ ਕਰਦੇ ਰਹੇ ਹਨ। ਓਪੀ ਸੋਨੀ 'ਤੇ ਕੋਵਿਡ ਦੌਰਾਨ ਸਿਹਤ ਮੰਤਰੀ ਹੁੰਦਿਆਂ ਤਿੰਨ ਗੁਣਾ ਕੀਮਤ 'ਤੇ ਸੈਨੀਟਾਈਜ਼ਰ ਖਰੀਦਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਦਾ ਸਾਰਾ ਰਿਕਾਰਡ ਮਾਲ ਵਿਭਾਗ ਨੇ ਮੰਗਿਆ ਸੀ। ਚੋਣ ਕਮਿਸ਼ਨ ਲਈ 54.54 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ 1.80 ਲੱਖ ਬੋਤਲਾਂ ਖਰੀਦੀਆਂ ਗਈਆਂ। ਜਦੋਂ ਕਿ ਸਿਹਤ ਵਿਭਾਗ ਆਪਣੇ ਲਈ ਉਹੀ ਸੈਨੀਟਾਈਜ਼ਰ ਤਿੰਨ ਗੁਣਾ ਵੱਧ 160 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਖਰੀਦ ਰਿਹਾ ਸੀ।

Get the latest update about ex deputy cm, check out more about vigilance office, op soni & income and assets

Like us on Facebook or follow us on Twitter for more updates.