ਕੋਰੋਨਾ ਤੋਂ ਹਾਰਿਆ ਜ਼ਿੰਦਾ ਦਿਲ ਸੱਜਣ 'ਲਲਿਤ ਜਿੰਦਲ'

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਜਿੰਦ-ਜਾਨ ਅਤੇ ਆਪਣੇ ਹਸਮੁੱਖ ਸੁਭਾਅ ਕਰਕੇ ਸਾਰੇ ਵਿਭਾਗ ....................

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਜਿੰਦ-ਜਾਨ ਅਤੇ ਆਪਣੇ ਹਸਮੁੱਖ ਸੁਭਾਅ ਕਰਕੇ ਸਾਰੇ ਵਿਭਾਗ ਦੇ ਕਰਮੀਆਂ ਦੀ ਮਿੱਤਰ ਮੰਡਲੀ ਦਾ ਹਿੱਸਾ ਲਲਿਤ ਜਿੰਦਲ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ। ਹਰ ਵੇਲੇ ਸੇਵਾ ਭਾਵਨਾ ਨਾਲ ਤਿਆਰ ਰਹਿੰਦੇ ਲਲਿਤ ਦੇ ਅੱਜ ਬੇਵਕਤੀ ਚਲਾਣੇ ਦੀ ਦੁਖਦਾਈ ਖ਼ਬਰ ਨੇ ਸਾਰੇ ਵਿਭਾਗ ਨੂੰ ਹਿਲਾ ਕੇ ਰੱਖ ਦਿੱਤਾ। ਪਰਿਵਾਰ ਦੇ ਨਾਲ-ਨਾਲ ਪੀਆਰ ਤੇ ਪ੍ਰੈਸ ਪਰਿਵਾਰ ਨੂੰ ਵੀ ਇਹ ਅਸਹਿ ਤੇ ਬਹੁਤ ਵੱਡਾ ਘਾਟਾ ਹੈ। ਆਪਣੇ ਰਲਮੇ ਤੇ ਖੁਸ਼ਮਿਜਾਜ ਸੁਭਾਅ ਕਰਕੇ ਲਲਿਤ ਪੀਐਫਏ ਬਰਾਂਚ ਦੀ ਰੂਹ ਏ ਰਵਾਂ ਸੀ। ਇਸ ਬਰਾਂਚ ਦਾ ਸਿੱਧਾ ਸੰਬੰਧ ਮੀਡੀਆ ਕਰਮੀਆਂ ਨਾਲ ਸੀ, ਇਸੇ ਲਈ ਅੱਜ ਪੱਤਰਕਾਰ ਸਾਥੀ ਵੀ ਸਾਡੇ ਇਸ ਰੰਗਲੇ ਸੱਜਣ ਦੇ ਬੇਵਕਤੀ ਤੁਰ ਜਾਣ ਉਤੇ ਝੰਜੋੜੇ ਗਏ। 

ਲਲਿਤ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਤੇ ਹਰ ਕਲੈਰੀਕਲ ਗੁਣਤਰ ਦਾ ਹੱਲ ਉਸ ਕੋਲ ਹੁੰਦਾ ਸੀ। ਕਿਸੇ ਨੂੰ ਨਾਂਹ ਕਰਨ ਵਾਲਾ ਤਾਂ ਉਹ ਇਨਸਾਨ ਹੀ ਨਹੀਂ ਸਨ। ਮਹੀਨਿਆਂ ਤੋਂ ਰੁਕੇ ਦਫ਼ਤਰੀ ਕੰਮ ਉਹ ਚੁਟਕੀਆਂ ਵਿਚ ਨਿਬੇੜਦੇ ਦਿੰਦੇ ਸਨ। ਹਿਸਾਬ ਕਿਤਾਬ ਉਸ ਦਾ ਭਾਵੇਂ ਜਿਦਾਂ ਮਰਜ਼ੀ ਦੇ ਸੀ, ਪਰ ਰਿਸ਼ਤਿਆਂ ਵਿਚ ਵੀ ਕੈਲਕੂਲੇਸ਼ਨ ਨਹੀਂ ਵਰਤ ਦੇ ਸਨ। ਮਜ਼ਾਕ ਸਹਿਣਾ ਸਿੱਖਣਾ, ਕੋਈ ਉਹਨਾਂ ਤੋਂ ਸਿੱਖੇ। ਹਰ ਇਕ ਉਸ ਨੂੰ ਟਿੱਚਰਾਂ ਤੇ ਮਖੌਲ ਕਰਦਾ, ਮਤਲਬ ਹੀ ਨਹੀਂ ਸੀ ਕਿ ਉਹ ਮੱਥੇ ਵੱਟ ਪਾ ਲਵੇ ਜਾਂ ਗ਼ੁੱਸਾ ਕਰਨ। ਲਲਿਤ ਦਾ ਆਤਮ ਵਿਸ਼ਵਾਸ ਵੀ ਸਿਰੇ ਦਾ ਹੀ ਸੀ। ਉਹਨਾਂ ਦਾ ਲਿੰਕ ਉਹਨਾਂ ਦੇ ਵੱਡੇ ਡਾਕਟਰਾਂ ਤੋਂ ਜੱਜਾਂ ਤੱਕ ਸੀ, ਕਿਸੇ ਵੀ ਸਾਥੀ ਨੂੰ ਕੰਮ ਹੋਵੇ ਤਾਂ ਉਹ ਸਭਤੋ ਪਹਿਲਾ ਕਹਿੰਦੇ, “ਮੈਨੂੰ ਦੱਸੋ, ਗੱਲ ਹੀ ਕੋਈ ਨਹੀਂ” ਵੱਡੇ ਵੱਡੇ ਡਾਕਟਰਾਂ ਦਾ ਆੜੀ ਲਲਿਤ ਅੱਜ ਕੋਰੋਨਾ ਮਹਾਂਮਾਰੀ ਹੱਥੋਂ ਹਾਰ ਗਿਆ।

ਲਲਿਤ ਦੇ ਤੁਰ ਜਾਣ ਦੀ ਅੱਜ ਸਾਡੇ ਵਿਭਾਗ ਦੇ ਰਿਟਾਇਰਡ ਜੁਆਇੰਟ ਡਾਇਰੈਕਟਰ ਸੁਰਿੰਦਰ ਮਲਿਕ ਜੀ ਨਾਲ ਖ਼ਬਰ ਸਾਂਝੀ ਕੀਤੀ ਤਾਂ ਉਨ੍ਹਾਂ ਇੱਕੋ ਗੱਲ ਕਹੀ “ਧੋਖਾ ਦੇ ਗਿਆ ਲਾਲ”। ਸੱਚੀ ਧੋਖਾ ਦੇ ਗਿਆ ਲਾਲਾ। ਪਿਆਰ ਨਾਲ ਉਸ ਨੂੰ ਸਾਰੇ ‘ਲਾਲਾ’ ਕਹਿੰਦੇ ਸਨ। 2011 ਵਿਚ ਮੇਰੀ ਪੀਆਰਓ ਵਜੋਂ ਜੁਆਇੰਨਿਗ ਵਾਲੇ ਦਿਨ ਤੋਂ ਹੀ ਮਲਿਕ ਸਾਹਿਬ ਨਾਲ ਅਟੈਚ ਲਲਿਤ ਨਾਲ ਵਾਹ ਪੈਣਾ ਸ਼ੁਰੂ ਹੋ ਗਿਆ ਸੀ। ਲਲਿਤ ਦੀ ਕੰਪਿਊਟਰੀ ਮੁਹਾਰਤ ਦੇ ਨਾਲ-ਨਾਲ ਉਸ ਵਿਚ ਬਹੁਤ ਖ਼ੂਬੀਆਂ ਸਨ। ਉਹਨਾਂ ਦੀ ਈਮੇਲ ਦਾ ਪਾਸਵਰਡ ਹਰ ਇਕ ਕੋਲ ਹੁੰਦਾ। 

ਲਲਿਤ ਜਿੰਦਲ ਦੇ ਦੇਹਾਂਤ ’ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਮੇਤ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਅਨਿੰਦਿਤਾ ਮਿੱਤਰਾ, ਵਧੀਕ ਸਕੱਤਰ ਸੇਨੂੰ ਦੁੱਗਲ ਅਤੇ ਵਧੀਕ ਡਾਇਰਕਟਰ ਉਪਿੰਦਰ ਸਿੰਘ ਲਾਂਬਾ ਸਮੇਤ ਹੋਰ ਅਧਿਕਾਰੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਰਕਿਰਤ ਕ੍ਰਿਪਾਲ ਸਿੰਘ ਨੇ ਸ੍ਰੀ ਲਲਿਤ ਕੁਮਾਰ ਦੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਕ ਪ੍ਰਤੀਬੱਧ ਕਰਮਚਾਰੀ ਸੀ, ਜਿਸ ਨੇ ਹਰ ਵਿਭਾਗੀ ਕੰਮ ਨੂੰ ਹਰ ਸਮੇਂ ਖਿੜੇ ਮੱਥੇ ਕੀਤਾ ਸੀ, ਇਸ ਦੁੱਖ ਦੀ ਘੜੀ ’ਚ ਉਹ ਨਿੱਜੀ ਤੌਰ ’ਤੇ ਅਤੇ ਪੂਰਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਲਲਿਤ ਕੁਮਾਰ ਜਿੰਦਲ ਦੇ ਪਰਿਵਾਰ ਨਾਲ ਖੜ੍ਹਾ ਹੈ।

ਲਲਿਤ ਦੀ ਐਪੀਆਰਓ ਦੀ ਪ੍ਰਮੋਸ਼ਨ ਹੋਣ ਵਾਲਾ ਸੀ, ਚਾਅ ਵੀ ਬਹੁਤ ਸੀ ਉਸ ਨੂੰ। ਸਾਨੂੰ ਸਾਰਿਆਂ ਨੂੰ ਵੱਡੀ ਪਾਰਟੀ ਦੇਣ ਦੇ ਵਾਅਦੇ ਕਰਕੇ ਅੱਜ ਉਹ ਆਪਣੇ ਆਖਰੀ ਸਫਰ ਉਤੇ ਨਿਕਲ ਗਿਆ। ਲਲਿਤ ਵਰਗੇ ਸੁਭਾਅ ਵਰਗੇ ਸਰਕਾਰੀ ਦਫ਼ਤਰਾਂ ਵਿਚ ਘੱਟ ਹੀ ਸੱਜਣ ਹੁੰਦੇ ਹਨ, ਉਸ ਦੀਆਂ ਯਾਦਾਂ ਹੀ ਹੁਣ ਸਰਮਾਇਆ ਹਨ।

Get the latest update about lalit jindal employee, check out more about department, expressed, grief & true scoop news

Like us on Facebook or follow us on Twitter for more updates.