14 ਫਰਵਰੀ ਨੂੰ ਹੋਈ ਵੋਟਿੰਗ ਤੋਂ ਬਾਅਦ ਅੱਜ ਲੋਕਲ ਬਾਡੀ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਨਗਰ ਨਿਗਮ ਬਠਿੰਡਾ ਦੀਆ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਨੂੰ 43 ਅਤੇ ਅਕਾਲੀ ਦਲ ਨੂੰ 7 ਵਾਰਡਾਂ ਵਿਚ ਜਿੱਤ ਹਾਸਲ ਹੋਈ ਜਦਕਿ ਆਪ, ਭਾਜਪਾ, ਬਸਪਾ,ਆਜ਼ਾਦ ਅਤੇ ਹੋਰ ਵਿਰੋਧੀ ਪਾਰਟੀਆਂ ਦਾ ਖਾਤਾ ਨਹੀਂ ਖੁੱਲ੍ਹ ਸਕਿਆ। ਬਠਿੰਡਾ ਦੇ ਕੁੱਲ 50 ਵਾਰਡ ਹਨ, ਜਦਕਿ ਪਿਛਲੇ 5 ਸਾਲਾਂ ਦੌਰਾਨ ਅਕਾਲੀ ਭਾਜਪਾ ਗਠਬਧਨ ਦਾ ਮੇਅਰ ਚੁਣਿਆ ਗਿਆ ਸੀ ਪ੍ਰੰਤੂ ਪੰਜਾਬ ਦੀ ਸੱਤਾ ਤੇ ਕਾਂਗਰਸ ਕਾਬਜ਼ ਰਹੀ ਅਤੇ ਮੇਅਰ ਨੂੰ ਆਜ਼ਾਦੀ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ 53 ਸਾਲਾਂ ਦੇ ਇਤਿਹਾਸ ਵਿਚ ਬਠਿੰਡਾ ਨਗਰ ਨਿਗਮ ਦਾ ਮੇਅਰ ਕਾਂਗਰਸ ਦਾ ਹੋਵੇਗਾ ਅਤੇ ਅਧੂਰੇ ਕੰਮ ਪੂਰੇ ਹੋਣਗੇ। ਦੀਵਾਲੀ ਦੇ ਪਟਾਕੇ ਹੋਲੀ ਦੀ ਰੰਗੋਲੀ ਅਤੇ ਜਿੱਤ ਦੇ ਢੋਲ ਧਮਾਕਿਆ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿੰਨੀ ਵੱਡੀ ਜਿੱਤ ਓਨੇ ਵੱਡੇ ਕੰਮ ਹੋਣਗੇ ਅਤੇ ਓਨੀ ਵੱਡੀ ਹੀ ਜਿੰਮੇਵਾਰੀ ਹੀ ਉਨ੍ਹਾਂ ’ਤੇ ਪੈ ਗਈ ਹੈ। ਉਨ੍ਹਾਂ ਸ਼ੋਕ ਜਤਾਇਆ ਕਿ ਅਕਾਲੀ ਦਲ ਨੂੰ ਜੋ 7 ਵਾਰਡਾਂ ਵਿਚ ਜਿੱਤ ਪ੍ਰਾਪਤ ਹੋਈ ਹੈ ਉਨ੍ਹਾਂ ਵਿਚ 50 ਤੋਂ ਘੱਟ ਵੋਟਾਂ 'ਤੇ ਪੰਜ ਉਮੀਦਵਾਰ ਜਿੱਤੇ ਹਨ ਜਦਕਿ 7, 8 ਵਾਰਡ ਵਿਚ ਉਨ੍ਹਾਂ ਦੀ ਜਿੱਤ ਮੰਨੀ ਜਾ ਸਕਦੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਇਕ ਚੁਣੋਤੀ ਸਨ ਜਿਸ ਲਈ ਉਨ੍ਹਾਂ ਨੇ ਪੂਰੀ ਤਾਕਤ ਲਗਾ ਦਿੱਤੀ , ਇੱਥੋ ਤੱਕ ਕਿ ਉਸਦੇ ਪਰਿਵਾਰ ਦੇ ਮੈਂਬਰ ਵੀ ਜਿੱਤ ਯਕੀਨੀ ਬਣਉਣ ਵਿਚ ਸਫ਼ਲ ਰਹੇ।