ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ਉੱਤੇ ਧਰਨੇ ਦੇ ਰਹੇ ਕਿਸਾਨਾਂ ਨੂੰ ਹੁਣ ਦੋ ਹਫਤੇ ਤੋਂ ਜ਼ਿਆਦਾ ਹੋ ਗਏ ਹਨ। ਕੜਾਕੇ ਦੀ ਠੰਡ ਵਿਚ ਵੀ ਕਿਸਾਨ ਡਟੇ ਹੋਏ ਹਨ ਪਰ ਇਸ ਧਰਨੇ ਕਾਰਣ ਆਮ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਵੀ ਹੋ ਰਹੀ ਹੈ। ਹੁਣ ਇਸ ਪਰੇਸ਼ਾਨੀ ਨੂੰ ਵੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਨੇ ਇਕ ਮਾਫੀਨਾਮਾ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਆਮ ਲੋਕਾਂ ਨੂੰ ਹੋ ਰਹੀਆਂ ਦਿੱਕਤਾਂ ਲਈ ਦੁੱਖ ਜਤਾਇਆ ਹੈ। ਹਾਲਾਂਕਿ ਇਹ ਭਰੋਸਾ ਵੀ ਦਿੱਤਾ ਹੈ ਕਿ ਜੇਕਰ ਕਿਸੇ ਮਰੀਜ਼ ਜਾਂ ਲੋੜਵੰਦ ਨੂੰ ਕੋਈ ਪ੍ਰੇਸ਼ਾਨੀ ਹੋਵੇਗੀ ਤਾਂ ਤੁਰੰਤ ਸਾਡੇ ਨਾਸ ਸੰਪਰਕ ਕਰੋ।
ਧਿਆਨਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਰਾਹੀਂ ਦੇਸ਼ ਦੇ ਕਈ ਕਿਸਾਨ ਸੰਗਠਨ ਨਵੇਂ ਕਿਸਾਨ ਬਿੱਲ ਨੂੰ ਲੈ ਕੇ ਧਰਨੇ ਦੇ ਰਹੇ ਹਨ। ਦਿੱਲੀ ਦਾ ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ, ਟਿਕਰੀ ਬਾਰਡਰ ਅਤੇ ਹੁਣ ਰਾਜਸਥਾਨ ਤੋਂ ਹਰਿਆਣਾ ਨੂੰ ਜੋੜਨ ਵਾਲਾ ਬਾਰਡਰ ਬੰਦ ਪਿਆ ਹੋਇਆ ਹੈ।
ਕਿਸਾਨਾਂ ਵਲੋਂ ਕੱਢੇ ਗਏ ਪਰਚੇ ਵਿਚ ਲਿਖਿਆ ਗਿਆ ਹੈ, ‘ਅਸੀਂ ਕਿਸਾਨ ਹਾਂ, ਲੋਕ ਸਾਨੂੰ ਰੱਬ ਕਹਿੰਦੇ ਹਨ। ਪ੍ਰਧਾਨ ਮੰਤਰੀ ਕਹਿੰਦੇ ਹਨ ਉਹ ਸਾਡੇ ਲਈ 3 ਕਾਨੂੰਨ ਦੀ ਸੁਗਾਤ ਲੈ ਕੇ ਆਏ ਹਨ। ਅਸੀਂ ਕਹਿੰਦੇ ਹਾਂ ਇਹ ਸੁਗਾਤ ਨਹੀਂ ਸਜ਼ਾ ਹੈ। ਸਾਨੂੰ ਸੁਗਾਤ ਦੇਣੀ ਹੈ ਤਾਂ ਫਸਲ ਦਾ ਸਹੀ ਮੁੱਲ ਦੇਣ ਦੀ ਕਾਨੂੰਨੀ ਗਾਰੰਟੀ ਦਿਓ।’
ਅੱਗੇ ਲਿਖਿਆ ਗਿਆ ਹੈ, ‘ਸੜਕ ਬੰਦ ਕਰਨਾ, ਜਨਤਾ ਨੂੰ ਤਕਲੀਫ ਦੇਣਾ ਸਾਡਾ ਕੋਈ ਟੀਚਾ ਨਹੀਂ ਹੈ, ਅਸੀਂ ਤਾਂ ਮਜਬੂਰੀ ਵਿਚ ਇੱਥੇ ਬੈਠੇ ਹਾਂ। ਫਿਰ ਵੀ ਸਾਡੇ ਇਸ ਅੰਦੋਲਨ ਨਾਲ ਤੁਹਾਨੂੰ ਜੋ ਤਕਲੀਫ ਹੋ ਰਹੀ ਹੈ, ਉਸ ਲਈ ਤੁਹਾਡੇ ਤੋਂ ਹੱਥ ਜੋੜ ਕੇ ਮੁਆਫੀ ਮੰਗਦੇ ਹਾਂ।' ਨਾਲ ਹੀ ਕਿਸਾਨਾਂ ਨੇ ਭਰੋਸਾ ਦਵਾਇਆ ਹੈ, ‘ਜੇਕਰ ਕਿਸੇ ਵੀ ਬੀਮਾਰ ਜਾਂ ਬਜ਼ੁਰਗ ਨੂੰ ਮੁਸ਼ਕਿਲ ਹੋਵੇ, ਐਂਬੁਲੈਂਸ ਰੁਕੀ ਹੋਵੇ ਜਾਂ ਕੋਈ ਐਮਰਜੈਂਸੀ ਹੋਵੇ ਤਾਂ ਕਿਰਪਾ ਕਰ ਕੇ ਸਾਡੇ ਵਾਲੰਟੀਅਰ ਨਾਲ ਸੰਪਰਕ ਕਰੋ। ਉਹ ਤੁਹਾਡੀ ਤੁਰੰਤ ਮਦਦ ਕਰਣਗੇ। ਮੈਂ ਇਕ ਕਿਸਾਨ।’
ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਅੰਦੋਲਨ ਕਾਰਣ ਕਈ ਰਸਤੇ ਬੰਦ ਹਨ, ਕਈ ਥਾਈਂ ਡਾਈਵਰਜਨ ਹੈ ਅਤੇ ਜਾਮ ਲੱਗਦਾ ਹੈ। ਹਾਲਾਂਕਿ, ਅਜਿਹਾ ਕਈ ਵਾਰ ਦੇਖਣ ਨੂੰ ਆਇਆ ਹੈ ਕਿ ਕਿਸਾਨ ਐਂਬੁਲੈਂਸ ਲਈ ਆਪਣੇ ਆਪ ਹੀ ਰਸਤਾ ਬਣਾ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਵਲੋਂ ਜੋ ਲੰਗਰ ਤਿਆਰ ਕੀਤਾ ਜਾ ਰਿਹਾ ਹੈ, ਉਸ ਵਿਚ ਸਿਰਫ ਪ੍ਰਦਰਸ਼ਨਕਾਰੀਆਂ ਨੂੰ ਹੀ ਨਹੀਂ ਸਗੋਂ ਹੋਰ ਆਮ ਲੋਕਾਂ ਨੂੰ ਵੀ ਦਿੱਤਾ ਜਾ ਰਿਹਾ ਹੈ।