ਤਿੰਨਾਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ-ਹਰਿਆਣਾ ਦੇ ਸਿੰਘੂ ਹੱਦ ਉੱਤੇ ਜਾਰੀ ਕਿਸਾਨਾਂ ਦਾ ਪ੍ਰਦਰਸ਼ਨ ਸ਼ਨੀਵਾਰ ਨੂੰ 31ਵੇਂ ਦਿਨ ਪਹੁੰਚ ਗਿਆ। ਇਸ ਵਿਚ ਦਿੱਲੀ-ਯੂ.ਪੀ. ਅਤੇ ਹਰਿਆਣਾ ਦੀਆਂ ਅੱਧਾ ਦਰਜਨ ਤੋਂ ਜ਼ਿਆਦਾ ਹੱਦਾਂ ਉੱਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।
ਸ਼ਨੀਵਾਰ ਸਵੇਰੇ ਕਿਸਾਨਾਂ ਨੇ ਹਿੰਸਕ ਰੁਖ਼ ਅਖਤਿਆਰ ਕਰਦੇ ਹੋਏ ਯੂ.ਪੀ. ਗੇਟ ਉੱਤੇ ਸਾਰੇ ਲੇਨ ਬੰਦ ਕਰ ਦਿੱਤੇ ਹਨ, ਜਿਸਦੇ ਚਲਦੇ ਦਿੱਲੀ ਤੋਂ ਆਵਾਜਾਹੀ ਠੱਪ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਗੱਲ ਬਾਤ ਦੇ ਨਵੇਂ ਪ੍ਰਸਤਾਵ ਉੱਤੇ ਕਿਸਾਨ ਸੰਗਠਨ ਸ਼ਨੀਵਾਰ ਨੂੰ ਫੈਸਲਾ ਲੈ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਸਾਨ ਸੰਗਠਨਾਂ ਨੇ ਇਸ ਉੱਤੇ ਵਿਚਾਰ ਕੀਤਾ ਸੀ। ਉਥੇ ਹੀ ਕੇਂਦਰ ਸਰਕਾਰ ਨੂੰ ਉਮੀਦ ਹੈ ਕਿ ਕੁਝ ਦਿਨਾਂ ਦੌਰਾਨ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਹੋ ਸਕਦੀ ਹੈ।
ਪਿਛਲੇ ਇਕ ਮਹੀਨੇ ਤੋਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਕਿਸਾਨ ਦਿੱਲੀ ਦੇ ਤਿੰਨ ਪਾਸਿਓਂ ਘੇਰੇ ਬੈਠੇ ਹਨ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਉੱਤੇ ਅੜੇ ਹੋਏ ਹਨ। ਇਸ ਦੇ ਚਲਦੇ ਦਿੱਲੀ-ਐੱਨ.ਸੀ.ਆਰ. ਦੀ ਆਵਾਜਾਈ ਪਿਛਲੇ ਇਕ ਮਹੀਨੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਚਿੱਲਾ ਅਤੇ ਗਾਜ਼ੀਪੁਰ ਬਾਰਡਰ ਪਿਛਲੇ ਤਿੰਨ ਦਿਨਾਂ ਤੋਂ ਬੰਦ ਹੈ, ਜਿਸ ਦੇ ਕਾਰਣ ਉੱਤਰ ਪ੍ਰਦੇਸ਼ ਤੋਂ ਦਿੱਲੀ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।