ਜਲੰਧਰ: ਜ਼ਿਲ੍ਹਾ ਜਲੰਧਰ ਦੀਆਂ ਮੰਡੀਆਂ ਵਿੱਚ ਕੁਝ ਹੀ ਘੰਟਿਆਂ ਵਿੱਚ ਆਪਣੀ ਕਣਕ ਦੀ ਫ਼ਸਲ ਵੇਚ ਕੇ ਘਰਾਂ ਨੂੰ ਖੁਸ਼ੀ-ਖੁਸ਼ੀ ਪਰਤ ਰਹੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕੀਤੇ ਗਏ ਸੁਚੱਜੇ ਖ਼ਰੀਦ ਪ੍ਰਬੰਧਾਂ 'ਤੇ ਤਸੱਲੀ ਜ਼ਾਹਰ ਕੀਤੀ।
ਨਵੀਂ ਅਨਾਜ ਮੰਡੀ ਵਿਖੇ ਆਪਣੀ ਫ਼ਸਲ ਵੇਚਣ ਆਏ ਕਿਸਾਨ ਸੁਖਪ੍ਰੀਤ ਸਿੰਘ ਸੰਘਾ ਕਪੂਰ ਪਿੰਡ ਨੇ ਕਿਹਾ ਕਿ ਉਹ ਅੱਜ ਆਪਣੀ 250 ਕੁਇੰਟਲ ਦੇ ਕਰੀਬ ਕਣਕ ਮੰਡੀ ਵਿੱਚ ਲੈ ਕੇ ਆਇਆ ਸੀ, ਜਿਸ ਦੀ ਮਾਰਕਫੈੱਡ ਵੱਲੋਂ ਤੁਰੰਤ ਖ਼ਰੀਦ ਕਰ ਲਏ ਜਾਣ ਕਾਰਨ ਸਦਕਾ ਉਹ ਬਹੁਤ ਖੁਸ਼ ਅਤੇ ਸੰਤੁਸ਼ਟ ਹੈ । ਉਸ ਨੇ ਕਿਹਾ ਕਿ ਫ਼ਸਲ ਵੇਚਣ ਸਬੰਧੀ ਉਸ ਨੂੰ ਮੰਡੀ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਈ।
ਇਕ ਹੋਰ ਕਿਸਾਨ ਪਰਮਿੰਦਰ ਸਿੰਘ ਵਾਸੀ ਫੁੱਲਪੁਰ, ਜੋ ਕਿ ਪ੍ਰਤਾਪਪੁਰਾ ਮੰਡੀ ਵਿੱਚ ਵਿਕਰੀ ਲਈ ਆਪਣੀ ਕਣਕ ਦੀ ਫ਼ਸਲ ਲੈ ਕੇ ਆਇਆ ਸੀ, ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਕਰੀਬ 100 ਕੁਇੰਟਲ ਕਣਕ ਮੰਡੀ ਵਿੱਚ ਲੈ ਕੇ ਆਇਆ ਸੀ, ਜਿਹੜੀ ਕਿ ਦੁਪਹਿਰ 1 ਵਜੇ ਤੱਕ ਵਿਕ ਗਈ। ਉਸ ਨੇ ਖ਼ਰੀਦ ਪ੍ਰਬੰਧਾਂ ਤੋਂ ਇਲਾਵਾ ਮੰਡੀ ਵਿੱਚ ਕੋਵਿਡ-19 ਦੀ ਰੋਕਥਾਮ ਲਈ ਕੀਤੇ ਗਏ ਇੰਤਜ਼ਾਮਾਂ 'ਤੇ ਵੀ ਸੰਤੋਸ਼ ਜ਼ਾਹਰ ਕੀਤਾ।
ਇਸੇ ਤਰ੍ਹਾਂ ਪਿੰਡ ਹਮੀਰ ਖੇੜਾ ਦੇ ਕਿਸਾਨ ਬਖਤੌਰ ਨੇ ਕਿਹਾ ਕਿ ਉਹ ਸਵੇਰੇ 8 ਵਜੇ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਇਆ ਸੀ ਅਤੇ 2-3 ਘੰਟਿਆਂ ਵਿੱਚ ਹੀ ਫ਼ਸਲ ਵੇਚ ਕੇ ਵਹਿਲਾ ਹੋ ਗਿਆ ਹੈ। ਉਸ ਨੇ ਕਿਹਾ ਕਿ ਖ਼ਰੀਦ ਉਪਰੰਤ ਫ਼ਸਲ ਦੀ ਲਿਫ਼ਟਿੰਗ ਵੀ ਨਾਲੋ-ਨਾਲ ਕੀਤੀ ਜਾ ਰਹੀ ਹੈ, ਜਿਸ ਸਦਕਾ ਉਸ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਇਸ ਵਾਰ 137 ਖ਼ਰੀਦ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿੱਚ 78 ਪੱਕੀਆਂ ਮੰਡੀਆਂ ਅਤੇ 59 ਆਰਜ਼ੀ ਖਰੀਦ ਕੇਂਦਰ ਸ਼ਾਮਲ ਹਨ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਕਿਹਾ ਕਿ ਮੰਡੀਆਂ ਵਿੱਚ ਪੁੱਜੀ ਕਣਕ ਦੀ ਸਮੇਂ ਸਿਰ ਖ਼ਰੀਦ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਮੇਂ ਸਿਰ ਚੁਕਾਈ ਵੱਲ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਸਮੁੱਚੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਾਰਦਾਨੇ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਖ਼ਰੀਦ ਏਜੰਸੀਆਂ ਪਾਸ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ ਉਪਲਬੱਧ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਫ਼ਸਲ ਸੁਕਾ ਕੇ ਲਿਆਂਦੀ ਜਾਵੇ ਅਤੇ ਕੋਵਿਡ-19 ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਬਿਨਾਂ ਕਿਸੇ ਦਿੱਕਤ ਦੇ ਉਨ੍ਹਾਂ ਵੱਲੋਂ ਲਿਆਂਦੀ ਫ਼ਸਲ ਦੀ ਵਿਕਰੀ ਹੋ ਸਕੇ।
Get the latest update about Truescoop, check out more about happy, procurement arrangements, Jalandhar mandis & Farmers
Like us on Facebook or follow us on Twitter for more updates.