ਮੂਹਰਲੀਆਂ ਸਫ਼ਾਂ ’ਚ ਡਟੇ ਹੈਲਥ ਕੇਅਰ ਵਰਕਰਾਂ ਦਾ ਕੋਰੋਨਾ ਟੀਕਾਕਰਨ ਸ਼ੁਰੂ ਕਰਨ ਲਈ ਤਿਆਰੀਆਂ ਮੁਕੰਮਲ: ਬਲਬੀਰ ਸਿੱਧੂ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਰੋਨਾ ਟੀ...

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਸ਼ੂਰੂ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਜਿਸ ਤਹਿਤ ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਾਂ (ਕੇਂਦਰੀ, ਰਾਜ ਅਤੇ ਹਥਿਆਰਬੰਦ ਬਲਾਂ ਦੀਆਂ ਮੈਡੀਕਲ ਸੇਵਾਵਾਂ) ਦਾ ਟੀਕਾਕਰਣ ਉਨਾਂ ਦੀ ਸਹਿਮਤੀ ਨਾਲ ਸੂਬੇ ਦੀਆਂ 59 ਥਾਵਾਂ ’ਤੇ ਕੀਤਾ ਜਾਵੇਗਾ।

ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ-19 ਟੀਕਾਕਰਣ 16 ਜਨਵਰੀ 2021 ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਟੀਕੇ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਸਾਰੇ ਜ਼ਿਲਾ ਕੋਲਡ ਚੇਨ ਸਟੋਰਾਂ ਨੂੰ ਪਹਿਲਾਂ ਹੀ ਵੰਡੀ ਜਾ ਚੁੱਕੀ ਹੈ।ਇਨਾਂ ਟੀਕਿਆਂ ਦੀ ਵਰਤੋਂ ਸਬੰਧੀ ਸਿਹਤ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, ਟੀਕਾਕਰਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੀਆਂ ਥਾਵਾਂ ’ਤੇ ਭਾਰਤ ਸਰਕਾਰ ਦੇ ਤੈਅ ਸੁਰੱਿਖਆ ਮਾਪਦੰਡਾਂ (ਐਸ.ਓ.ਪੀਜ਼) ਅਨੁਸਾਰ ਇੱਕ ਟੀਕਾਕਰਣ ਅਭਿਆਸ ਵੀ ਕੀਤਾ ਗਿਆ।ਉਨਾਂ ਸਪੱਸ਼ਟ ਕੀਤਾ ਕਿ ਸਿਰਫ਼ ਰਜਿਸਟਰਡ ਲਾਭਪਾਤਰੀਆਂ (ਹੈਲਥ ਕੇਅਰ ਵਰਕਰਾਂ), ਜਿਨਾਂ ਦੇ ਵੇਰਵੇ ਕੋਵਿਨ ਪੋਰਟਲ ’ਤੇ ਦਰਜ ਹਨ, ਦਾ ਹੀ ਟੀਕਾਕਰਣ ਕੀਤਾ ਜਾਵੇਗਾ।

ਜ਼ਿਲਿਆਂ ਨੂੰ ਸਪਲਾਈ ਕੀਤੀਆਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਸਬੰਧੀ ਵੇਰਵੇ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਜ਼ਿਲਾ ਅੰਮਿ੍ਰਤਸਰ ਨੂੰ 20,880, ਬਰਨਾਲਾ ਨੂੰ 41,60, ਬਠਿੰਡਾ ਨੂੰ 12,430, ਫ਼ਰੀਦਕੋਟ ਨੂੰ 5,030, ਫ਼ਤਿਹਗੜ ਸਾਹਿਬ ਨੂੰ 4,400, ਫਾਜ਼ਿਲਕਾ ਨੂੰ 4,670, ਫਿਰੋਜ਼ਪੁਰ ਨੂੰ 6,200, ਗੁਰਦਾਸਪੁਰ ਨੂੰ 9,790 ਨੂੰ, ਹੁਸ਼ਿਆਰਪੁਰ ਨੂੰ 9,570, ਜਲੰਧਰ ਨੂੰ 16,490, ਕਪੂਰਥਲਾ ਨੂੰ 4,600, ਲੁਧਿਆਣਾ ਨੂੰ 36,510, ਮਾਨਸਾ ਨੂੰ 3,160, ਮੋਗਾ ਨੂੰ 2,600, ਪਠਾਨਕੋਟ ਨੂੰ 5,860, ਪਟਿਆਲਾ ਨੂੰ 11,080, ਰੂਪਨਗਰ ਨੂੰ 6,360, ਸੰਗਰੂਰ ਨੂੰ 7,660, ਐਸ.ਏ.ਐਸ. ਨਗਰ ਨੂੰ 13,640, ਐਸ.ਬੀ.ਐਸ. ਨਗਰ ਨੂੰ 5,300, ਸ੍ਰੀ ਮੁਕਤਸਰ ਸਾਹਿਬ ਨੂੰ 5,420 ਅਤੇ ਤਰਨਤਾਰਨ ਜ਼ਿਲੇ ਨੂੰ 8,210 ਖੁਰਾਕਾਂ ਦੀ ਵੰਡ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਹੈਲਥ ਕੇਅਰ ਵਰਕਰਾਂ ਲਈ ਵੈਕਸੀਨ ਦੀਆਂ ਖੁਰਾਕਾਂ ਦੀ ਵੰਡ ਡਾਟਾਬੇਸ ਦੇ ਅਧਾਰ ’ਤੇ ਅਨੁਪਾਤ ਵਿੱਚ ਕੀਤੀ ਗਈ ਹੈ ਅਤੇ ਹਰੇਕ ਸਾਈਟ ’ਤੇ ਵੱਧ ਤੋਂ ਵੱਧ 100 ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ।

ਉਨਾਂ ਅੱਗੇ ਕਿਹਾ ਕਿ ਜਿਨਾਂ ਟੀਕਾਕਰਣ ਸਾਈਟਾਂ ‘ਤੇ ਪਹਿਲੀ ਖੁਰਾਕ ਮੁਹੱਈਆ ਕਰਵਾਈ ਜਾ ਚੁੱਕੀ ਹੈ, ਅਜਿਹੀਆਂ ਸਾਈਟਾਂ ’ਤੇ 28 ਦਿਨਾਂ ਬਾਅਦ ਦੂਜੀ ਖੁਰਾਕ ਦੇਣ ਲਈ ਪੋ੍ਰਟੋਕੋਲ ਅਨੁਸਾਰ ਜ਼ਰੂਰੀ ਯੋਜਨਾ ਬਣਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੜਾਅਵਾਰ ਢੰਗ ਨਾਲ ਟੀਕਾਰਕਰਣ ਦੀ ਯੋਜਨਾ ਬਣਾਈ ਗਈ ਹੈ ਜਿਸ ਲਈ ਹੈਲਥ ਕੇਅਰ ਵਰਕਰ, ਫਰੰਟਲਾਈਨ ਵਰਕਰ, ਬਜ਼ੁਰਗ (50 ਸਾਲ ਤੋਂ ਵੱਧ ਉਮਰ ਵਾਲੇ) ਅਤੇ 50 ਸਾਲ ਤੋਂ ਘੱਟ ਉਮਰ ਤੇ ਸਹਿ-ਰੋਗਾਂ ਵਾਲੀ ਆਬਾਦੀ ਤਰਜੀਹੀ ਸਮੂਹ ਹਨ।

Get the latest update about balbir sidhu, check out more about corona vaccination, frontline health care workers & preparations

Like us on Facebook or follow us on Twitter for more updates.