ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਿਥੇ ਸਿੱਖ ਸੰਗਤਾਂ ਤੇ ਖਾਲਿਸਤਾਨੀ ਸਮਰਥਕਾਂ ਦੀ ਭੀੜ ਇਕੱਠਾ ਹੋ ਚੁਕੀ ਹੈ ਓਥੇ ਹੀ ਇਸ ਮੌਕੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਗੱਤਕੇ ਤੋਂ ਇਲਾਵਾ ਆਧੁਨਿਕ ਹਥਿਆਰਾਂ ਦੀ ਸਿਖਲਾਈ ਦੇਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮਾਲਾ ਸਾਹਿਬ ਵਿਖੇ ਗੱਤਕਾ ਅਖਾੜੇ ਤਿਆਰ ਕਰਵਾਏ ਸਨ। ਇਹ ਕਹਿਣ ਵਿੱਚ ਕੋਈ ਹਰਜ਼ ਨਹੀਂ ਕਿ ਹੁਣ ਸਿੱਖਾਂ ਨੂੰ ਆਧੁਨਿਕ ਹਥਿਆਰਾਂ ਦੇ ਅਖਾੜੇ, ਜਿਨ੍ਹਾਂ ਨੂੰ ਸ਼ੂਟਿੰਗ ਰੇਂਜ ਕਿਹਾ ਜਾਂਦਾ ਹੈ, ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗੇ ਅਤੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਮੰਗ ਕੀਤੀ ਗਈ।
ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਇਸਾਈ ਪ੍ਰਚਾਰ ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਇਸਾਈ ਧਰਮ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ। ਉਨ੍ਹਾਂ ਸਿੱਖ ਪ੍ਰਚਾਰ ਕਮੇਟੀਆਂ ਅਤੇ ਸੰਸਥਾਵਾਂ ਨੂੰ ਕਿਹਾ ਕਿ ਉਹ ਪਿੰਡਾਂ ਅਤੇ ਖਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ। ਸਿੱਖਾਂ ਦਾ ਧਰਮ ਪ੍ਰਤੀ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਸਿੱਖ ਧਰਮ ਵਿਚ ਮਜ਼ਬੂਤ ਹੋਵੇਗਾ ਤਾਂ ਉਹ ਆਰਥਿਕ ਅਤੇ ਸਮਾਜਿਕ ਤੌਰ 'ਤੇ ਵੀ ਮਜ਼ਬੂਤ ਹੋਵੇਗਾ। ਜੇਕਰ ਤੁਸੀਂ ਇਨ੍ਹਾਂ ਤਿੰਨਾਂ 'ਚ ਮਜ਼ਬੂਤ ਹੋ ਤਾਂ ਤੁਹਾਨੂੰ ਸਿਆਸੀ ਤੌਰ 'ਤੇ ਵੀ ਮਜ਼ਬੂਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਹਰਿਮੰਦਿਰ ਸਾਹਿਬ ਨਤਮਸਤਕ ਹੋਏ ਸਨ ਤੇ ਉਨ੍ਹਾਂ ਘੱਲੂਘਾਰਾ ਦੇ ਮੌਕੇ ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਜਿਸ ਦੇ ਚਲਦਿਆਂ ਘੱਲੂਘਾਰਾ ਦੇ ਮੌਕੇ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ ਇਸ ਲਈ ਭਾਰੀ ਪੁਲਿਸ ਬੱਲ ਤੈਨਾਤ ਕੀਤਾ ਗਿਆ ਹੈ। ਕੱਲ ਅੰਮ੍ਰਿਤਸਰ 'ਚ ਇਕ ਕੈਂਡਲ ਮਾਰਚ ਵੀ ਕਢਿਆ ਗਿਆ ਸੀ।
ਦਸ ਦਈਏ ਕਿ ਬਲੂ ਸਟਾਰ ਆਪਰੇਸ਼ਨ ਦੀ 38ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਲੂ ਸਟਾਰ ਅਪਰੇਸ਼ਨ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਜਿੱਥੇ ਇੱਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੰਦੇਸ਼ ਦੇ ਰਹੇ ਸਨ, ਉਥੇ ਹੀ ਦੂਜੇ ਪਾਸੇ ਖਾਲਿਸਤਾਨ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਇਕੱਠੇ ਹੋਏ ਸਿੱਖਾਂ ਨੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਮੰਗ ਕੀਤੀ।
Get the latest update about BLUE STAR, check out more about OPERATION BLUE STAR ANNIVERSARY, GYANI HARPREET SINGH, SGPC & GHALUGHARA
Like us on Facebook or follow us on Twitter for more updates.