ਹੈਦਰਾਬਾਦ- ਹੈਦਰਾਬਾਦ 'ਚ ਮੁਸਲਿਮ ਲੜਕੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਹਿੰਦੂ ਨੌਜਵਾਨ ਦੀ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਹੈਦਰਾਬਾਦ ਦੇ ਸਰੂਰਨਗਰ ਦੀ ਹੈ, ਜਿੱਥੇ ਨਾਗਰਾਜੂ ਨਾਂ ਦੇ ਨੌਜਵਾਨ ਦਾ ਉਸ ਦੇ ਸਾਲੇ ਨੇ ਰਾਡ ਅਤੇ ਚਾਕੂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ। ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਆਰੀਆ ਸਮਾਜ ਦੇ ਮੰਦਰ 'ਚ ਹੋਇਆ ਸੀ ਵਿਆਹ
ਨਾਗਾਰਾਜੂ ਰੰਗਰੇਡੀ ਜ਼ਿਲ੍ਹੇ ਦੇ ਮਾਰਪੱਲੀ ਪਿੰਡ ਦਾ ਵਸਨੀਕ ਸੀ, ਜਦਕਿ ਸੁਲਤਾਨਾ ਉਸ ਦੇ ਨੇੜਲੇ ਪਿੰਡ ਘਨਾਪੁਰ ਵਿੱਚ ਰਹਿੰਦੀ ਸੀ। ਦੋਵੇਂ ਸੱਤ ਸਾਲ ਤੱਕ ਰਿਲੇਸ਼ਨਸ਼ਿਪ 'ਚ ਸਨ ਪਰ ਸੁਲਤਾਨਾ ਦਾ ਪਰਿਵਾਰ ਨਾਗਰਾਜੂ ਦੇ ਖਿਲਾਫ ਸੀ। 31 ਜਨਵਰੀ ਨੂੰ ਨਾਗਾਰਾਜੂ ਅਤੇ ਸੁਲਤਾਨਾ ਨੇ ਭੱਜ ਕੇ ਲਾਲ ਦਰਵਾਜ਼ਾ ਇਲਾਕੇ ਦੇ ਆਰੀਆ ਸਮਾਜ ਮੰਦਰ 'ਚ ਵਿਆਹ ਕਰਵਾ ਲਿਆ ਅਤੇ ਵਿਆਹ ਤੋਂ ਬਾਅਦ ਸੁਲਤਾਨਾ ਨੇ ਆਪਣਾ ਨਾਂ ਬਦਲ ਕੇ ਪੱਲਵੀ ਰੱਖ ਲਿਆ।
ਨਾਗਾਰਾਜੂ ਇੱਕ ਕਾਰ ਸ਼ੋਅਰੂਮ ਵਿੱਚ ਸੇਲਜ਼ ਮੈਨ ਵਜੋਂ ਕੰਮ ਕਰਦਾ ਸੀ। ਉਸ ਦਾ ਵਿਆਹ 4 ਮਹੀਨੇ ਪਹਿਲਾਂ ਸਈਦ ਅਸ਼ਰੀਨ ਸੁਲਤਾਨਾ ਨਾਲ ਹੋਇਆ ਸੀ। ਸੁਲਤਾਨਾ ਦਾ ਦੋਸ਼ ਹੈ ਕਿ ਨਾਗਾਰਾਜੂ 'ਤੇ ਉਸ ਦੇ ਭਰਾ ਅਤੇ ਕੁਝ ਹੋਰਾਂ ਨੇ ਹਮਲਾ ਕੀਤਾ ਸੀ। ਪੁਲਿਸ ਨੇ ਸੁਲਤਾਨਾ ਦੇ ਭਰਾ ਅਤੇ ਜੀਜੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਭਾਜਪਾ ਨੇ ਕੀਤੀ ਜਾਂਚ ਦੀ ਮੰਗ
ਤੇਲੰਗਾਨਾ ਦੇ ਭਾਜਪਾ ਵਿਧਾਇਕ ਰਾਜਾ ਸਿੰਘ ਨੇ ਹੱਤਿਆ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੀ ਇਹ ਪਰਿਵਾਰਕ ਮੈਂਬਰ ਸਨ, ਜਾਂ ਕੁਝ ਧਾਰਮਿਕ ਸਮੂਹਾਂ ਨੇ ਪਰਿਵਾਰ ਨੂੰ ਸਲਾਹ ਦਿੱਤੀ ਸੀ? ਕੀ ਕਿਸੇ ਸਮੂਹ ਨੇ ਉਨ੍ਹਾਂ ਨੂੰ ਵਿੱਤੀ ਮਦਦ ਦਾ ਵਾਅਦਾ ਕੀਤਾ ਸੀ? ਇਸ ਕਤਲ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।