ਨਵੀਂ ਦਿੱਲੀ: ਭਾਰਤ ਇਸ ਵੇਲੇ ਕੋਰੋਨਾ ਵਾਇਰਸ ਦੀ ਖਤਰਨਾਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਤੇ ਦੁਨੀਆ ਵਿਚ ਇਸ ਮਹਾਸੰਕਟ ਦਾ ਐਪਿਸੈਂਟਰ ਬਣ ਚੁੱਕਿਆ ਹੈ। ਦੇਸ਼ ਵਿਚ ਹਸਪਤਾਲਾਂ ਵਿਚ ਬੈੱਡਾਂ, ਆਕਸੀਜਨ ਦੀ ਕਿੱਲਤ ਹੈ। ਇਸ ਸਭ ਦੇ ਵਿਚਾਲੇ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਸ ਹਿਸਾਬ ਨਾਲ ਅਗਲੇ ਕੁਝ ਹਫਤਿਆਂ ਵਿਚ ਹੀ ਵਧੇਰੇ 5 ਲੱਖ ਆਈ.ਸੀ.ਯੂ. ਬੈੱਡਾਂ ਦੀ ਲੋੜ ਹੋਵੇਗੀ।
ਮਸ਼ਹੂਰ ਸਰਜਨ ਡਾ. ਦੇਵੀਪ੍ਰਸਾਦ ਸ਼ੈੱਟੀ ਦਾ ਕਹਿਣਾ ਹੈ ਕਿ ਮੌਜੂਦਾ ਲਹਿਰ ਦੇ ਹਿਸਾਬ ਨਾਲ ਭਾਰਤ ਨੂੰ ਅਗਲੇ ਕੁਝ ਹਫਤਿਆਂ ਵਿਚ 5 ਲੱਖ ਵਧੇਰੇ ਆਕਸੀਜਨ ਬੈੱਡਾਂ ਦੀ ਲੋੜ ਹੋਵੇਗੀ। ਨਾਲ ਹੀ 2 ਲੱਖ ਤੋਂ ਵਧੇਰੇ ਨਰਸਾਂ ਤੇ ਡੇਢ ਲੱਖ ਡਾਕਟਰਾਂ ਦੀ ਵੀ ਲੋੜ ਪਵੇਗੀ। ਫਿਲਹਾਲ ਭਾਰਤ ਦੇ ਕੋਲ 75 ਤੋਂ 90 ਹਜ਼ਾਰ ਦੇ ਵਿਚਾਲੇ ਆਈ.ਸੀ.ਯੂ. ਬੈੱਡ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਰ ਚੁੱਕੇ ਹਨ। ਇਹ ਹਾਲ ਉਦੋਂ ਹੈ ਜਦੋਂ ਅਜੇ ਕੋਰੋਨਾ ਦੀ ਇਸ ਲਹਿਰ ਦਾ ਪੀਕ ਨਹੀਂ ਆਇਆ ਹੈ।
ਭਾਰਤ ਵਿਚ 21 ਮੈਡੀਕਲ ਸੈਂਟਰ ਚਲਾਉਣ ਵਾਲੀ ਨਾਰਾਇਣ ਹੈਲਥ ਸੰਸਥਾ ਦੇ ਚੇਅਰਮੈਨ ਡਾ. ਸ਼ੈੱਟੀ ਦਾ ਕਹਿਣਾ ਹੈ ਕਿ ਅਜੇ ਭਾਰਤ ਵਿਚ ਟੈਸਟਿੰਗ ਘੱਟ ਹੈ, ਮੌਜੂਦਾ ਟ੍ਰੈਂਡ ਦੇ ਹਿਸਾਬ ਨਾਲ ਭਾਰਤ ਵਿਚ ਹਰ ਰੋਜ਼ 10-15 ਲੱਖ ਲੋਕ ਕੋਰੋਨਾ ਪਾਜ਼ੇਟਿਵ ਹੋ ਰਹੇ ਹਨ। ਇਸ ਨਾਲ ਤੁਸੀਂ ਹਾਲਾਤਾਂ ਦਾ ਪਤਾ ਲਾ ਸਕਦੇ ਹੋ। ਅਜਿਹੇ ਵਿਚ ਨਵੇਂ ਆਈ.ਸੀ.ਯੂ. ਬੈੱਡਾਂ ਦੀ ਵਿਵਸਥਾ ਕਰਨਾ ਬੇਹੱਦ ਜ਼ਰੂਰੀ ਹੈ। ਸਿਰਫ ਬੈੱਡ ਹੀ ਨਹੀਂ ਬਲਕਿ ਸਟਾਫ ਨੂੰ ਵੀ ਵਧਾਉਣ ਦੀ ਲੋੜ ਹੈ। ਮੌਜੂਦਾ ਟ੍ਰੈਂਡ ਦੇ ਹਿਸਾਬ ਨਾਲ ਦੋ ਲੱਖ ਨਰਸਾਂ, ਡੇਢ ਲੱਖ ਡਾਕਟਰ ਵਧੇਰੇ ਵਧਾਉਣ ਦੀ ਲੋੜ ਹੈ। ਕਿਉਂਕਿ ਮੌਜੂਦਾ ਹਾਲਾਤ ਅਗਲੇ 4-5 ਮਹੀਨੇ ਬਣੇ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਤਕਰੀਬਨ ਸਵਾ ਦੋ ਲੱਖ ਅਜਿਹੇ ਨਰਸਿੰਗ ਸਟੂਡੈਂਟਸ ਹਨ ਜੋ ਆਪਣੀ ਪੜਾਈ ਦੇ ਆਖਰੀ ਸਾਲ ਜਾਂ ਥਰਡ ਯੇਅਰ ਵਿਚ ਹਨ। ਅਜਿਹੇ ਵਿਚ ਉਨ੍ਹਾਂ ਨੂੰ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਸਟੂਡੈਂਟਸ ਜਾਂ ਭਵਿੱਕ ਦੇ ਡਾਕਟਰਾਂ ਦਾ ਇਸ ਵੇਲੇ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਜੰਗ ਜਿਹੇ ਹਾਲਾਤ ਹਨ।
ਭਾਰਤ ਵਿਚ ਵਿਗੜ ਰਗੇ ਹਾਲਾਤ
ਦੱਸ ਦਈਏ ਕਿ ਭਾਰਤ ਵਿਚ ਪਿਛਲੇ ਤਕਰੀਬਨ 10 ਦਿਨਾਂ ਵਿਚ ਹਰ ਰੋਜ਼ 3 ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਯਾਨੀ ਬੀਤੇ 10 ਦਿਨਾਂ ਵਿਚ ਹੀ 30 ਲੱਖ ਕੇਸ ਸਾਹਮਣੇ ਆ ਗਏ ਹਨ। ਓਥੇ ਹੀ ਔਸਤਨ 3 ਹਜ਼ਾਰ ਦੇ ਤਕਰੀਬਨ ਮੌਤਾਂ ਹੋ ਰਹੀਆਂ ਹਨ, ਜੋ ਕਿ ਡਰਾਉਣਾ ਦ੍ਰਿਸ਼ ਹੈ। ਦਿੱਲੀ, ਮਹਾਰਾਸ਼ਟਰ, ਯੂਪੀ ਸਣੇ ਕਈ ਸੂਬਿਆਂ ਵਿਚ ਇਸ ਵੇਲੇ ਆਕਸੀਜਨ ਦਾ ਸੰਕਟ ਹੈ, ਜੋ ਹਰ ਦਿਨ ਵਧਦਾ ਹੀ ਜਾ ਰਿਹਾ ਹੈ।