ਜਲੰਧਰ: ਡੀ ਸੀ ਵਲੋਂ ਓਵਰਚਾਰਜਿੰਗ ਕਰਨ ਵਾਲੇ ਹਸਪਤਾਲ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ

ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੌਰਾਨ ਖਾਮੀਆਂ ਪਾਏ ਜਾਣ 'ਤੇ ਪ੍ਰਾਈਵੇਟ ਹਸਪਤਾਲ ਵਿਰੁੱਧ ਸਖ਼ਤ ਰੁਖ ...................

ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੌਰਾਨ ਖਾਮੀਆਂ ਪਾਏ ਜਾਣ 'ਤੇ ਪ੍ਰਾਈਵੇਟ ਹਸਪਤਾਲ ਵਿਰੁੱਧ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਵਲੋਂ ਅੱਜ ਸ਼ਮਸ਼ੇਰ ਹਸਪਤਾਲ ਵਿਚ ਪਾਈਆਂ ਗਈਆਂ ਖਾਮੀਆਂ ਅਤੇ ਵਾਧੂ ਪੈਸੇ ਵਸੂਲਣ ਸਬੰਧੀ ਸਿਹਤ ਅਥਾਰਟੀਆਂ ਵਲੋਂ ਰਿਪੋਰਟ ਮਿਲਣ ਤੋਂ ਬਾਅਦ ਲੈਵਲ-2 ਕੋਵਿਡ ਕੇਅਰ ਸਹੂਲਤ (ਨਵੇਂ ਮਰੀਜ਼ਾਂ ਦੇ ਦਾਖਲੇ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਵਾਰਡ ਵਿਚ ਦਾਖਲ ਮਰੀਜ਼ ਦੀ ਮੌਤ ਉਪਰੰਤ ਪਰਿਵਾਰਕ ਮੈਂਬਰਾਂ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਸਬੰਧੀ ਪੜਤਾਲ ਡਿਪਟੀ ਮੈਡੀਕਲ ਕਮਿਸ਼ਨਰ ਜਲੰਧਰ ਨੂੰ ਸੌਂਪੀ ਗਈ ਸੀ, ਜਿਨਾਂ ਵਲੋਂ ਲੈਵਲ-2 ਸਹੂਲਤ ਵਿੱਚ ਨਵੇਂ ਮਰੀਜ਼ਾਂ ਦੇ ਦਾਖਲੇ ਨੂੰ ਮੁਅੱਤਲ ਕਰਨ ਦੀ ਸ਼ਿਫਾਰਸ ਕੀਤੀ ਗਈ ਸੀ। 

ਡਿਪਟੀ ਕਮਿਸ਼ਨਰ ਵਲੋਂ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਦੌਰਾਨ ਵੱਧ ਪੈਸੇ ਵਸੂਲਣ, ਦਵਾਈਆਂ ਦੀ ਖ਼ਰੀਦ, ਵੰਡ ਅਤੇ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ਦੀ ਤਿੰਨ ਦਿਨਾਂ ਵਿਚ ਜਾਂਚ ਕਰਨ ਲਈ ਚਾਰ ਮੈਂਬਰੀ ਕਮੇਟੀ ਜਿਸ ਵਿਚ ਉਪ ਮੰਡਲ ਮੈਜਿਸਟਰੇਟ-1, ਸਿਵਲ ਸਰਜਨ, ਜ਼ੋਨਲ ਲਾਇਸੈਂਸਿੰਗ ਅਥਾਰਟੀ ਅਤੇ ਡਾ.ਅਸ਼ੋਕੇ ਸੀਨੀਅਰ ਮੈਡੀਕਲ ਅਫ਼ਸਰ ਵਡਾਲਾ ਸ਼ਾਮਿਲ ਹਨ ਦਾ ਗਠਨ ਕੀਤਾ ਗਿਆ।

ਸ਼ਿਕਾਇਤ ਮੁਤਾਬਿਕ ਮਰੀਜ਼ ਸਮਸ਼ੇਰ ਹਸਪਤਾਲ ਗਿਆ ਜਿਥੇ ਉਸ ਨੂੰ ਲੈਵਲ-2 ਕੋਵਿਡ ਕੇਅਰ ਵਾਰਡ ਵਿਚ ਬਿਨਾਂ ਆਰਟੀਪੀਸੀਆਰ ਟੈਸਟ ਕੀਤੇ ਦਾਖਲ ਕਰ ਲਿਆ ਗਿਆ। ਮਰੀਜ਼ਾਂ ਦਾ ਲੈਵਲ-3 ਦਾ ਇਲਾਜ ਵੀ ਕੀਤਾ ਗਿਆ ਜੋ ਕੇਵਲ ਮਾਹਿਰਾਂ ਦੇ ਗਰੁੱਪ ਨਾਲ ਸਲਾਹ ਮਸ਼ਵਰਾ ਕਰਕੇ ਕੀਤਾ ਜਾਂਦਾ ਹੈ। 

ਸ਼ਿਕਾਇਤਕਰਤਾ ਵਲੋਂ ਦਵਾਈਆਂ ਅਤੇ ਟੀਕਿਆਂ ਦੇ ਵੱਧ ਮੁੱਲ ਵਸੂਲਣ ਸਬੰਧੀ ਦੋਸ਼ ਲਗਾਏ ਗਏ ਸਨ, ਜੋ ਕਿ ਜਾਂਚ ਦਾ ਮੁੱਦਾ ਸੀ। ਡਿਪਟੀ ਕਮਿਸ਼ਨਰ ਨੇ ਕਮੇਟੀ ਨੂੰ ਹਦਾਇਤ ਕੀਤੀ ਕਿ ਸਾਰੇ ਪੱਖਾਂ ਤੋਂ ਜਾਂਚ ਕਰਕੇ ਵਿਸਥਾਰਤ ਰਿਪੋਰਟ ਤਿੰਨ ਦਿਨਾਂ ਵਿਚ ਪੇਸ਼ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਇਸ ਔਖੀ ਘੜੀ ਵਿਚ ਗਲਤ ਤਰੀਕੇ ਅਪਣਾਉਣ ਵਾਲੀਆਂ ਸਿਹਤ ਸੰਸਥਾਵਾਂ ਨੂੰ ਤਾੜਨਾ ਕਰਦਿਆਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਕਮੇਟੀ ਦੀ ਰਿਪੋਰਟ ਤੋਂ ਬਾਅਦ ਡੀ.ਸੀ. ਨੇ ਗਲਤ ਹਸਪਤਾਲਾਂ ਖਿਲਾਫ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ।

Get the latest update about register, check out more about dc, jalandhar, hospital & recommend

Like us on Facebook or follow us on Twitter for more updates.