ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਜ਼ਿਲ੍ਹੇ 'ਚ ਆਕਸੀਜਨ ਦੀ ਸਪਲਾਈ ‘ਤੇ 24 ਘੰਟੇ ਨਿਗਰਾਨੀ ਕਰਨ ਦੇ ਨਿਰਦੇਸ਼

ਕੋਵਿਡ -19 ਦੇ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਆਕਸੀਜਨ ਗੈਸ ਦੀ ਉਚਿਤ...........

ਕੋਵਿਡ -19 ਦੇ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਆਕਸੀਜਨ ਗੈਸ ਦੀ ਉਚਿਤ ਵਰਤੋਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚ ਆਕਸੀਜਨ ਦੀ ਸਪਲਾਈ ‘ਤੇ 24 ਘੰਟੇ ਨਿਗਰਾਨੀ ਰੱਖਣ ਲਈ ਕਿਹਾ।

 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਡਿਪਟੀ ਕਮਿਸ਼ਨਰਜ਼ (ਆਬਕਾਰੀ ਅਤੇ ਜੀਐਸਟੀ) ਨੂੰ ਆਪਣੇ ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਨ ਲਈ ਕਿਹਾ ਤਾਂ ਜੋ ਹਸਪਤਾਲਾਂ ਨੂੰ ਆਕਸੀਜਨ ਗੈਸ ਦੀ ਉਪਲਬਧਤਾ ਅਤੇ ਸਪਲਾਈ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਆਕਸੀਜਨ ਦੀ ਸਪਲਾਈ ਹਸਪਤਾਲਾਂ ਨੂੰ ਪਹਿਲ ਦੇ ਅਧਾਰ 'ਤੇ ਕੀਤੀ ਜਾਣੀ ਹੈ ਅਤੇ ਹਸਪਤਾਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਜੇਕਰ ਕੋਈ ਸਟਾਕ ਬਚਦਾ ਹੈ, ਤਾਂ ਹੀ ਇਸ ਨੂੰ ਛੋਟ ਦਿੱਤੇ 9 ਉਦਯੋਗਾਂ ਨੂੰ ਸਪਲਾਈ ਕੀਤਾ ਜਾ ਸਕਦਾ ਹੈ। 

ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਹਸਪਤਾਲਾਂ ਨੂੰ ਦਿੱਤੀ ਜਾ ਰਹੀ ਕੁੱਲ ਸਪਲਾਈ ਅਤੇ ਉਨ੍ਹਾਂ ਦੀ ਖਪਤ, ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰਾਂ ਦੀ ਕੁੱਲ ਮੰਗ ਅਤੇ ਜ਼ਿਲ੍ਹੇ ਵਿੱਚ ਉਦਯੋਗਿਕ ਇਕਾਈਆਂ ਵਿਚ ਭਰੇ ਅਤੇ ਖਾਲੀ ਸਿਲੰਡਰਾਂ ਦੀ ਉਪਲਬਧਤਾ ਸਮੇਤ ਤਿੰਨ ਮੁੱਖ ਬਿੰਦੂਆਂ ‘ਤੇ ਚੈਕਿੰਗ ਕੀਤੀ ਜਾਣੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੁੱਚੇ ਸਥਾਨਕ ਹਸਪਤਾਲਾਂ ਦੀ ਜ਼ਰੂਰਤ ਪੂਰੀ ਕਰਨ ਤੋਂ ਬਾਅਦ ਹੀ ਛੋਟ ਦਿੱਤੇ ਗਏ 9 ਉਦਯੋਗਾਂ ਨੂੰ ਹੀ ਆਕਸੀਜਨ ਗੈਸ ਦੀ ਸਪਲਾਈ ਕਰਨ ਦੀ ਇਜਾਜ਼ਤ ਦੇਣ ਲਈ ਸਿਰਫ਼ ਦੋ ਅਧਿਕਾਰੀਆਂ ਨੂੰ ਹੀ ਅਧਿਕਾਰਤ ਕੀਤਾ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਥਾਨਕ ਪੁਲਸ ਅਧਿਕਾਰੀਆਂ ਨੂੰ ਆਕਸੀਜਨ ਸਿਲੰਡਰ ਲਿਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਭਾਵੇਂ ਇਹ ਸਪਲਾਈ ਹਸਪਤਾਲਾਂ ਜਾਂ ਹੋਰ ਸੰਸਥਾਵਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾਹਨ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਦਰਬਾਰਾ ਸਿੰਘ ਤੋਂ ਬਿਨਾਂ ਲਿਖਤੀ ਪ੍ਰਵਾਨਗੀ ਦੇ ਉਦਯੋਗਾਂ ਨੂੰ ਆਕਸੀਜਨ ਗੈਸ ਦੀ ਸਪਲਾਈ ਕਰਦੇ ਵੇਖੇ ਗਏ ਤਾਂ ਅਜਿਹੇ ਮਾਮਲਿਆਂ ਵਿਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਪ੍ਰਾਈਵੇਟ ਹਸਪਤਾਲਾਂ ਲਈ ਨਿਯੁਕਤ ਕੀਤੇ ਨੋਡਲ ਅਫ਼ਸਰਾਂ ਨੂੰ ਤੁਰੰਤ ਆਪਣੇ ਨਿਯਤ ਕੀਤੇ ਹਸਪਤਾਲਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਆਪਣੀ ਬੈੱਡ ਸਮਰੱਥਾ ਦਾ ਘੱਟੋ ਘੱਟ 75 ਫੀਸਦੀ ਕੋਵਿਡ -19 ਦੇ ਮਰੀਜ਼ਾਂ ਲਈ ਰਾਖਵਾਂ ਰੱਖਣ ਲਈ ਕਿਹਾ। ਉਨ੍ਹਾਂ ਇਨ੍ਹਾਂ ਨੋਡਲ ਅਫ਼ਸਰਾਂ ਨੂੰ ਇਨ੍ਹਾਂ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰ ਦੀ ਵਰਤੋਂ ਦੀ ਜਾਂਚ ਕਰਦਿਆਂ ਹਸਪਤਾਲਾਂ ਨੂੰ ਆਕਸੀਜਨ ਕੰਸਨਟਰੇਟਰ ਖਰੀਦਣ ਅਤੇ ਪੀ.ਐਸ.ਏ. ਅਧਾਰਤ ਆਕਸੀਜਨ ਪਲਾਂਟ ਲਗਾਉਣ ਦੀ ਅਪੀਲ ਕਰਨ ਦੀ ਵੀ ਹਦਾਇਤ ਕੀਤੀ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਗੈਸ ਦੀ ਭਾਰੀ ਮੰਗ ਨੂੰ ਘੱਟ ਕਰਨ ਲਈ ਆਪਣਾ ਆਕਸੀਜਨ ਜਨਰੇਸ਼ਨ ਪਲਾਂਟ ਲਗਾਉਣ ਤੋਂ ਇਲਾਵਾ ਸਿਵਲ ਹਸਪਤਾਲ ਲਈ ਪੰਜ ਆਕਸੀਜਨ ਕੰਸਟਨਟਰੇਟਰਜ਼ ਦਾ ਆਰਡਰ ਦਿੱਤਾ ਗਿਆ ਹੈ।  

Get the latest update about deputy commissioner, check out more about officers, directed, the supply & true scoop news

Like us on Facebook or follow us on Twitter for more updates.