ਕੇਰਲ ਦੇ ਅਲਾਪੁਝਾ ਜ਼ਿਲ੍ਹੇ 'ਚ 12 ਘੰਟਿਆਂ ਦੇ ਅੰਦਰ ਦੋ ਨੇਤਾਵਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਅਲਾਪੁਝਾ ਵਿਚ ਅੱਜ ਤੜਕੇ ਇੱਕ ਭਾਜਪਾ ਆਗੂ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (SDPI) ਦੇ ਨੇਤਾ ਦੀ ਹੱਤਿਆ ਕਰ ਦਿੱਤੀ ਗਈ ਸੀ।
ਪੁਲਸ ਨੇ ਦੱਸਿਆ ਕਿ ਹਮਲਾ ਭਾਜਪਾ ਓਬੀਸੀ ਮੋਰਚਾ ਦੇ ਸੂਬਾ ਸਕੱਤਰ ਐਡਵੋਕੇਟ ਰਣਜੀਤ ਸ਼੍ਰੀਨਿਵਾਸ ਦੇ ਘਰ ਉਸ ਸਮੇਂ ਹੋਇਆ, ਜਦੋਂ ਉਹ ਸਵੇਰ ਦੀ ਸੈਰ ਲਈ ਤਿਆਰ ਹੋ ਰਹੇ ਸਨ। ਰਣਜੀਤ ਨੇ ਭਾਜਪਾ ਦੇ ਉਮੀਂਦਵਾਰ ਵਜੋਂ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ।
ਐਸਡੀਪੀਆਈ ਆਗੂ ਦੇ ਬਾਈਕ ਨੂੰ ਕਾਰ ਨੇ ਮਾਰੀ ਟੱਕਰ
ਐਸਡੀਪੀਆਈ ਦੇ ਸੂਬਾ ਸਕੱਤਰ ਕੇਐਸ ਸ਼ਾਨ 'ਤੇ ਸ਼ਨੀਵਾਰ ਰਾਤ ਨੂੰ ਕੁਝ ਲੋਕਾਂ ਨੇ ਹਮਲਾ ਕੀਤਾ ਸੀ। ਸ਼ਾਨ ਆਪਣੀ ਬਾਈਕ 'ਤੇ ਘਰ ਪਰਤ ਰਿਹਾ ਸੀ ਜਦੋਂ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਸ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਮੌਤ ਹੋ ਗਈ।
ਧਾਰਾ 144 2 ਦਿਨਾਂ ਲਈ ਲਾਗੂ
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੌਰਾਨ ਟ੍ਰੈਫਿਕ ਚੈਕਿੰਗ ਵਧਾ ਦਿੱਤੀ ਗਈ ਹੈ। ਨਾਲ ਹੀ, ਗੈਰ-ਜ਼ਰੂਰੀ ਇਕੱਠਾਂ 'ਤੇ ਪਾਬੰਦੀ ਲਗਾਈ ਗਈ ਹੈ।
ਸੂਬੇ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਨ੍ਹਾਂ ਹੱਤਿਆਵਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਵੀ ਕਹੀ ਹੈ। ਵਿਜਯਨ ਨੇ ਕਿਹਾ, "ਇਸ ਤਰ੍ਹਾਂ ਦੀ ਭਿਆਨਕ ਹਿੰਸਾ ਅਤੇ ਅਣਮਨੁੱਖੀ ਕਾਰਵਾਈ ਰਾਜ ਲਈ ਖਤਰਨਾਕ ਹੈ। ਮੈਨੂੰ ਯਕੀਨ ਹੈ ਕਿ ਜਲਦੀ ਹੀ ਸਾਰੇ ਕਾਤਲ ਫੜੇ ਜਾਣਗੇ।