ਦਿੱਲੀ ਦੇ ਰੋਹਿਣੀ ਇਲਾਕੇ ਦੇ ਪ੍ਰੇਮ ਨਗਰ ਵਿਚ ਇਕ ਵਿਅਕਤੀ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਸਕੂਟਰ ਉੱਤੇ ਲੈ ਕੇ ਘੁੰਮਦਾ ਰਿਹਾ। ਸੜਕਾਂ ਦੇ ਚੱਕਰ ਲਗਾਉਣ ਤੋਂ ਬਾਅਦ ਲਾਸ਼ ਨੂੰ ਰੋਹਿਣੀ ਦੇ ਇਲਾਕੇ ਵਿਚ ਖਾਲੀ ਪਲਾਟ ਜਾ ਕੇ ਸੁੱਟ ਦਿੱਤੀ। ਪੁਲਸ ਨੇ ਸੀਸੀਟੀਵੀ ਦੀ ਤਸਵੀਰ ਦੇ ਆਧਾਰ ਉੱਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਮੁਤਾਬਕ ਮ੍ਰਿਤਕ ਦਾ ਨਾਂ ਰਵੀ ਹੈ। ਉਸ ਦੀ ਹੱਤਿਆ ਸਿਰਫ 77 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਕੀਤੀ ਗਈ। ਅੰਕਿਤ ਨਾਂ ਦੇ ਵਿਅਕਤੀ ਨੇ ਰਵੀ ਦੇ ਸਿਰ ਉੱਤੇ ਪਹਿਲਾਂ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਰਵੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਅੰਕਿਤ ਨੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਪਲਾਨਿੰਗ ਕੀਤੀ। ਰਵੀ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਟਿਕਾਣੇ ਲਗਾਉਣ ਦੇ ਲਈ ਸਹੀ ਥਾਂ ਤਲਾਸ਼ਣ ਲੱਗਿਆ। ਤਕਰੀਬਨ 2 ਕਿਲੋਮੀਟਰ ਤੱਕ ਲਾਸ਼ ਨੂੰ ਲੈ ਕੇ ਘੁੰਮਦਾ ਰਿਹਾ। ਕੁਝ ਦੇਰ ਘੁੰਮਣ ਤੋਂ ਬਾਅਦ ਦੋਸ਼ੀ ਨੇ ਮ੍ਰਿਤਕ ਦੀ ਲਾਸ਼ ਨੂੰ ਖਾਲੀ ਪਲਾਟ ਵਿਚ ਦਫਨਾ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਉਥੇ ਹੀ ਰਵੀ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਗੁਮਸ਼ੁਦਾ ਹੋਣ ਦੀ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਤਲਾਸ਼ ਵਿਚ ਲੱਗ ਗਈ। ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਸੀਸੀਟੀਵੀ ਕੈਮਰੇ ਵਿਚ ਅੰਕਿਤ ਨਾਂ ਦਾ ਇਕ ਵਿਅਕਤੀ ਸਕੂਟਰ ਉੱਤੇ ਬੋਰੇ ਵਿਚ ਕੁਝ ਲਿਜਾਂਦਾ ਦਿਖਾਈ ਦਿੱਤਾ।
ਇਸ ਤੋਂ ਬਾਅਦ ਕਈ ਸੀਸੀਟੀਵੀ ਫੁਟੇਜ ਪੁਲਸ ਨੇ ਖੰਗਾਲੇ। ਸੀਸੀਟੀਵੀ ਫੁਟੇਜ ਤੋਂ ਖੁਲਾਸਾ ਹੋਇਆ ਕਿ ਦੋਸ਼ੀ ਉਸ ਬੋਰੇ ਵਿਚ ਰਵੀ ਦੀ ਲਾਸ਼ ਭਰ ਕੇ ਲੈ ਜਾ ਰਿਹਾ ਸੀ ਅਤੇ ਖਾਲੀ ਪਲਾਟ ਵਿਚ ਲਾਸ਼ ਨੂੰ ਟਿਕਾਣੇ ਲਗਾ ਦਿੱਤਾ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।