ਪੰਜਾਬ 'ਚ ਮਾਨ ਸਰਕਾਰ ਨੇ ਵੱਡਾ ਐਕਸ਼ਨ ਲੈਂਦੀਆਂ ਇਕ ਹੋਰ ਅਫਸਰ ਤੇ ਕਾਰਵਾਈ ਕੀਤੀ ਹੈ ਜੋ ਕਿ ਰਿਸ਼ਵਤ ਮੰਗਦਾ ਰੰਗੇ ਹੱਥੀਂ ਫੜ੍ਹਿਆ ਗਿਆ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜਲੰਧਰ ਵਿੱਚ ਤੈਨਾਤ ਡਰੱਗ ਕੰਟਰੋਲ ਅਫਸਰ (ਡੀਸੀਓ) ਰਵੀ ਗੁਪਤਾ ਨੂੰ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਹੈ। ਉਸ ਦੀ ਵੀਡੀਓ ਮਿਲਣ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਅਨੁਸਾਰ ਰਵੀ ਗੁਪਤਾ ਦੀ ਵੀਡੀਓ ਅੰਤਰਰਾਸ਼ਟਰੀ ਨੰਬਰ ਤੋਂ ਸਰਕਾਰ ਨੂੰ ਭੇਜੀ ਗਈ ਹੈ। ਸਰਕਾਰ ਨੇ ਜਾਂਚ ਵਿੱਚ ਇਹ ਦੋਸ਼ ਸਹੀ ਪਾਏ ਹਨ।
1.44 ਮਿੰਟ ਦੀ ਵੀਡੀਓ 'ਚ ਡੀਸੀਓ ਰਵੀ ਗੁਪਤਾ ਮਾਸਕ ਪਹਿਨ ਕੇ ਡਰੱਗ ਲਾਇਸੈਂਸ ਬਣਾਉਣ ਲਈ ਇਕ ਵਿਅਕਤੀ ਤੋਂ ਦੋ ਲੱਖ ਦੀ ਮੰਗ ਕਰ ਰਿਹਾ ਹੈ। ਵੀਡੀਓ 'ਚ ਰਵੀ ਨੇ ਕਿਹਾ ਕਿ - ਭਾਵੇਂ ਕਿ ਰੇਟ ਚਾਰ ਤੋਂ ਪੰਜ ਲੱਖ ਰੁਪਏ ਚੱਲ ਰਿਹਾ ਹੈ, ਪਰ ਉਹ ਦੋ ਲੱਖ ਰੁਪਏ 'ਚ ਕਰਵਾ ਲਵੇਗਾ ਅਤੇ ਜੇਕਰ ਤੁਸੀਂ ਕਹੋਗੇ ਤਾਂ ਉਹ ਵੀ ਕੁਝ ਘਟਾ ਦੇਵੇਗਾ। ਉਨ੍ਹਾਂ ਕਿਹਾ ਕਿ- ਭਾਵੇਂ ਇਹ ਕੰਮ ਪੂਰੀ ਤਰ੍ਹਾਂ ਬੰਦ ਹੈ ਪਰ ਉਹ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੇਪਰੇ ਚਾੜ੍ਹਨਗੇ। ਰਵੀ ਨੇ ਵਿਭਾਗ ਦੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਤੋਂ ਉੱਚ ਅਧਿਕਾਰੀਆਂ ਤੱਕ ਕੰਮ ਕਰਵਾਉਣ ਦਾ ਵਾਅਦਾ ਕੀਤਾ। ਰਵੀ ਗੁਪਤਾ ਦਾ ਡਰਾਈਵਰ ਗੁਰਪ੍ਰੀਤ ਵੀ ਦੋਸ਼ੀ ਹੈ। ਵੀਡੀਓ ਦੇ ਅੰਤ 'ਚ ਕਾਰ ਅਤੇ ਡਰਾਈਵਰ ਦੀ ਤਸਵੀਰ ਵੀ ਹੈ।
ਇਹ ਵੀ ਪੜ੍ਹੋ:- ਮੁਸ਼ਕਿਲਾਂ 'ਚ ਸੀਨੀਅਰ IAS ਸੰਜੇ ਪੋਪਲੀ, 2 ਹੋਰ ਠੇਕੇਦਾਰਾਂ ਤੋਂ ਮੰਗੀ ਸੀ ਕਮਿਸ਼ਨ, ਜਲੰਧਰ ਦੇ ਹੋਟਲ 'ਚ ਦਿੱਤੀਆਂ ਸੀ ਧਮਕੀਆਂ
ਵਾਇਰਲ ਵੀਡੀਓ ਵਿੱਚ ਇੱਕ ਟਾਈਪ ਮੈਸੇਜ ਵੀ ਹੈ। ਸੰਦੇਸ਼ ਮੁਤਾਬਕ ਰਵੀ ਗੁਪਤਾ 'ਤੇ 30 ਸਤੰਬਰ 2020 ਤੋਂ ਦੋ ਮਹੀਨੇ ਪਹਿਲਾਂ ਤੱਕ ਲੱਖਾਂ ਰੁਪਏ ਲੈਣ ਦਾ ਦੋਸ਼ ਹੈ। ਇਸ ਵਾਰ ਜਦੋਂ ਡੀਸੀਓ ਰਵੀ ਗੁਪਤਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਮਾਮਲੇ ਨੂੰ ਟਾਲ ਦਿੱਤਾ। ਉਨ੍ਹਾਂ ਨੇ ਕਿਹਾ, ਫਿਲਹਾਲ ਉਨ੍ਹਾਂ ਨੂੰ ਮੁਅੱਤਲੀ ਦਾ ਪੱਤਰ ਨਹੀਂ ਮਿਲਿਆ ਹੈ। ਫੋਨ 'ਤੇ ਹੀ ਜਾਣਕਾਰੀ ਮਿਲੀ ਹੈ। ਡੀਸੀਓ ਰਵੀ ਗੁਪਤਾ ਦੀ ਥਾਂ ਡੀਸੀਓ ਅਮਰਜੀਤ ਸਿੰਘ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਸਕ੍ਰੀਨ 'ਤੇ ਦਿਖਾਈ ਗਈ ਤਰੀਕ ਦੇ ਅਨੁਸਾਰ, ਵੀਡੀਓ 11 ਜਨਵਰੀ, 2022 ਦਾ ਹੈ। ਇਹ ਵੀਡੀਓ ਪਿਛਲੇ ਕਈ ਮਹੀਨਿਆਂ ਤੋਂ ਵਟਸਐਪ ਗਰੁੱਪਾਂ ਵਿੱਚ ਘੁੰਮ ਰਿਹਾ ਹੈ। ਹੁਣ ਵੀਡੀਓ ਸਰਕਾਰ ਕੋਲ ਪਹੁੰਚਣ ਤੋਂ ਬਾਅਦ ਇਸ 'ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾ ਤਬਾਦਲਾ ਵਿਭਾਗ ਦੇ ਮੁੱਖ ਦਫ਼ਤਰ ਖਰੜ ਵਿਖੇ ਕਰ ਦਿੱਤਾ ਗਿਆ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।
Get the latest update about ANTI CORRUPTION, check out more about BHAGWANT MANN, DRUG OFFICER DEMAND FOR BRIBE, DRUG CONTROL OFFICER SUSPENDED & DRUG CONTROL OFFICER JALANDHAR
Like us on Facebook or follow us on Twitter for more updates.