ਨਹੀਂ ਰਹੇ ਸਮਾਜਵਾਦੀ ਪਾਰਟੀ ਦੇ 'ਨੇਤਾਜੀ' ਮੁਲਾਇਮ ਸਿੰਘ ਯਾਦਵ, 82 ਸਾਲ ਦੀ ਉਮਰ 'ਚ ਦੇਹਾਂਤ

ਮੁਲਾਇਮ ਸਿੰਘ ਯਾਦਵ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ 3 ਵਾਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਨ। ਉਨ੍ਹਾਂ ਦੇ ਦੇਹਾਂਤ ਨਾਲ ਚਾਰੋਂ ਪਾਸੇ ਸ਼ੋਕ ਦੀ ਲਗਿਰ ਦੌੜ ਗਈ ਹੈ...

ਸਮਾਜਵਾਦੀ ਨੇਤਾ ਅਤੇ ਸੰਸਦ ਮੈਂਬਰ ਮੁਲਾਇਮ ਸਿੰਘ ਯਾਦਵ ਨੇ ਅੱਜ ਲੰਬੀ ਬੀਮਾਰੀ ਤੋਂ ਬਾਅਦ 82 ਸਾਲ ਦੀ ਉਮਰ 'ਚ ਆਖਰੀ ਸਾਹ ਲਏ ਹਨ। ਉਨ੍ਹਾਂ ਦੇ ਬੇਟੇ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਮੁਲਾਇਮ ਸਿੰਘ ਯਾਦਵ ਪਿਛਲੇ ਇੱਕ ਹਫ਼ਤੇ ਤੋਂ ਲਾਈਫ ਸਪੋਰਟ ਸਿਸਟਮ 'ਤੇ ਸਨ। ਉਨ੍ਹਾਂ ਨੂੰ 22 ਅਗਸਤ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਸੂਤਰਾਂ ਮੁਤਾਬਕ ਸੋਮਵਾਰ ਸਵੇਰੇ 8.15 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਜਿਕਰਯੋਗ ਹੈ ਜੇ ਮੁਲਾਇਮ ਸਿੰਘ ਯਾਦਵ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਅਤੇ ਉਹ ਮੇਦਾਂਤਾ ਹਸਪਤਾਲ ਵਿੱਚ ਅੰਦਰੂਨੀ ਦਵਾਈ ਮਾਹਿਰ ਦੀ ਨਿਗਰਾਨੀ ਹੇਠ ਸਨ। ਐਤਵਾਰ ਨੂੰ, ਮੇਦਾਂਤਾ ਹਸਪਤਾਲ ਨੇ ਇੱਕ ਹੈਲਥ ਬੁਲੇਟਿਨ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਬਜ਼ੁਰਗ ਨੇਤਾ ਦੀ ਹਾਲਤ ਕਾਫ਼ੀ ਨਾਜ਼ੁਕ ਸੀ ਅਤੇ ਉਹ ਜੀਵਨ ਬਚਾਉਣ ਵਾਲੀਆਂ ਦਵਾਈਆਂ 'ਤੇ ਸਨ।
ਮੁਲਾਇਮ ਸਿੰਘ ਯਾਦਵ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ 3 ਵਾਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਨ। ਉਨ੍ਹਾਂ ਦੇ ਦੇਹਾਂਤ ਨਾਲ ਚਾਰੋਂ ਪਾਸੇ ਸ਼ੋਕ ਦੀ ਲਗਿਰ ਦੌੜ ਗਈ ਹੈ। ਅੱਜ ਭਾਰਤ ਦੀ ਰਾਜਨੀਤਿਕ ਹਲਚਲ ਵੀ ਦੇਖਣ ਨੂੰ ਮਿਲ ਰਹੀ ਹੈ। ਕਿਉਂਕਿ ਮੁਲਾਇਮ ਸਿੰਘ ਯਾਦਵ ਆਪਣੇ ਵੱਖ ਰੁਤਬੇ ਤਜ਼ੁਰਬੇ ਅਤੇ ਕੰਮ ਕਰਕੇ ਜਾਣੇ ਜਾਂਦੇ ਸਨ ਤਾਂ ਆਓ ਜਾਣਦੇ ਹਨ ਮੁਲਾਇਮ ਸਿੰਘ ਯਾਦਵ ਬਾਰੇ ਕੁਝ ਖਾਸ ਗੱਲਾਂ:-

ਮੁਲਾਇਮ ਸਿੰਘ ਯਾਦਵ ਦਾ ਜਨਮ 21 ਨਵੰਬਰ, 1939 ਨੂੰ ਉੱਤਰ ਪ੍ਰਦੇਸ਼ ਦੇ ਸੈਫਈ ਵਿੱਚ ਹੋਇਆ ਸੀ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੁਸ਼ਤੀ ਨਾਲ ਕੀਤੀ ਕਿਉਂਕਿ ਉਨ੍ਹਾਂ ਦੇ ਪਿਤਾ ਸੁਧਾਰ ਉਨ੍ਹਾਂ ਨੂੰ ਪਹਿਲਵਾਨ ਬਣਾਉਣਾ ਚਾਹੁੰਦੇ ਸਨ। ਹਾਲਾਂਕਿ, ਸਮੇਂ ਦੇ ਨਾਲ ਚੀਜ਼ਾਂ ਬਦਲ ਗਈਆਂ ਅਤੇ ਉਨ੍ਹਾਂ ਲੋਹੀਆ ਅੰਦੋਲਨ ਵਿੱਚ ਸਰਗਰਮ ਹਿੱਸਾ ਲਿਆ। ਬਾਅਦ ਵਿੱਚ 4 ਅਕਤੂਬਰ 1992 ਨੂੰ ਮੁਲਾਇਮ ਸਿੰਘ ਯਾਦਵ ਨੇ ਸਮਾਜਵਾਦੀ ਪਾਰਟੀ ਦੀ ਸਥਾਪਨਾ ਕੀਤੀ।


ਮੁਲਾਇਮ ਸਿੰਘ ਯਾਦਵ ਨੇ ਲਗਾਤਾਰ ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਹੈ ਅਤੇ ਸੰਯੁਕਤ ਮੋਰਚੇ ਦੀ ਸਰਕਾਰ ਵਿੱਚ 1996-98 ਤੱਕ ਰੱਖਿਆ ਮੰਤਰੀ ਵੀ ਰਹੇ ਹਨ। ਇਸ ਤੋਂ ਇਲਾਵਾ, ਸਪਾ ਸੁਪਰੀਮੋ ਲੰਬੇ ਸਮੇਂ ਤੋਂ ਸੇਵਾ ਕਰਨ ਵਾਲੇ ਸੰਸਦ ਮੈਂਬਰ ਸਨ ਜੋ ਆਪਣੀ ਮੌਤ ਤੱਕ ਮੈਨਪੁਰੀ ਤੋਂ ਲੋਕ ਸਭਾ ਹਲਕੇ ਲਈ ਸੰਸਦ ਮੈਂਬਰ ਵਜੋਂ ਸੇਵਾ ਨਿਭਾ ਰਹੇ ਸਨ। ਉਹ ਪਹਿਲਾਂ ਆਜ਼ਮਗੜ੍ਹ ਅਤੇ ਸੰਭਲ ਹਲਕਿਆਂ ਤੋਂ ਸੰਸਦ ਮੈਂਬਰ ਰਹੇ। ਮੁਲਾਇਮ ਸਿੰਘ ਯਾਦਵ ਨੂੰ ਪਿਆਰ ਨਾਲ 'ਨੇਤਾਜੀ' ਕਿਹਾ ਜਾਂਦਾ ਸੀ। 'ਨੇਤਾਜੀ' ਪਹਿਲੀ ਵਾਰ 1967 ਵਿੱਚ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣੇ ਗਏ ਸਨ।

 ਮੁਲਾਇਮ ਸਿੰਘ ਯਾਦਵ 1982-1985 ਤੱਕ ਵਿਧਾਨ ਪ੍ਰੀਸ਼ਦ ਦੇ ਮੈਂਬਰ ਸਨ। ਉਹ ਅੱਠ ਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਮੁਲਾਇਮ ਸਿੰਘ ਨੇ ਪਹਿਲੀ ਵਾਰ ਮਾਲਤੀ ਦੇਵੀ ਨਾਲ ਵਿਆਹ ਕੀਤਾ ਸੀ। ਅਖਿਲੇਸ਼ ਯਾਦਵ ਮੁਲਾਇਮ ਅਤੇ ਮਾਲਤੀ ਦੇਵੀ ਦੇ ਪੁੱਤਰ ਹਨ। ਮੁਲਾਇਮ ਦਾ ਦੂਜਾ ਵਿਆਹ ਸਾਧਨਾ ਗੁਪਤਾ ਨਾਲ ਹੋਇਆ। ਪ੍ਰਤੀਕ ਯਾਦਵ ਸਾਧਨਾ ਅਤੇ ਮੁਲਾਇਮ ਦੇ ਬੇਟੇ ਹਨ।