ਅਕਸਰ ਸਾਡੇ ਘਰਾਂ ਵਿਚ ਬੱਚਿਆਂ ਲਈ ਅਸੀਂ ਕਈ ਤਰ੍ਹਾਂ ਦੇ ਖਿਡੌਣੇ ਖਰੀਦ ਲਿਆਉਂਦੇ ਹਾਂ ਤੇ ਕਈ ਵਾਰ ਕੁਝ ਅਜਿਹੇ ਖਿਡੌਣੇ ਵੀ ਸਾਡੇ ਘਰਾਂ ਵਿਚ ਹੁੰਦੇ ਹਨ ਜਿਨ੍ਹਾਂ ਨੂੰ ਬਿਨਾਂ ਦੇਖੇ ਹੀ ਅਸੀਂ ਆਪਣੇ ਬੱਚਿਆਂ ਨੂੰ ਦੇ ਦਿੰਦੇ ਹਾਂ। ਪਰ ਤਸਮਾਨੀਆ ਜੋ ਘਟਨਾ ਹਾਲ ਵਿਚ ਵਾਪਰੀ ਉਹ ਤੁਹਾਨੂੰ ਜ਼ਰੂਰ ਹੀ ਸੋਚ ਵਿਚ ਪਾ ਦੇਵੇਗੀ। ਤਸਮਾਨੀਆ ਵਿਚ ਇਕ ਬੱਚੇ ਦੇ ਖਿਡੌਣਿਆਂ ਵਿਚੋਂ ਇਕ ਵੱਡੀ ਤੇ ਖ਼ਤਰਨਾਕ ਮੱਕੜੀ ਨਿਕਲੀ, ਜਿਸ ਨੂੰ ਦੇਖ ਕੇ ਉਸ ਦੇ ਸਾਰੇ ਪਰਿਵਾਰ ਦੇ ਹੋਸ਼ ਉੱਡ ਗਏ।
ਆਸਟ੍ਰੇਲੀਆ ਵਿਚ ਜਾਨਲੇਵਾ ਮੱਕੜੀਆਂ ਪਾਈਆਂ ਜਾਂਦੀਆਂ ਹਨ ਤੇ ਇਨ੍ਹਾਂ ਤੋਂ ਸੱਪ ਵਰਗਾ ਹੀ ਖ਼ਤਰਾ ਹੁੰਦਾ ਹੈ। ਬਰੁੱਕ ਥੋਰਪੇ ਨਾਂ ਦੀ ਜਨਾਨੀ ਨੇ ਦੱਸਿਆ ਕਿ ਉਸ ਦੇ ਭਤੀਜੇ ਦੇ ਖਿਡੌਣਿਆਂ ਵਿਚੋਂ ਇਹ ਮੱਕੜੀ ਮਿਲੀ ਹੈ, ਜੋ ਆਪਣੇ 200 ਆਂਡਿਆਂ ਦਾ ਧਿਆਨ ਰੱਖ ਰਹੀ ਸੀ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਕਾਫੀ ਚਰਚਾ ਹੋ ਰਹੀ ਹੈ। ਪਰਿਵਾਰ ਨੇ ਕਿਹਾ ਕਿ ਜੇਕਰ ਬੱਚਾ ਇਸ ਮੱਕੜੀ ਨੂੰ ਗਲਤੀ ਨਾਲ ਹੱਥ ਲਾ ਦਿੰਦਾ ਤਾਂ ਉਸ ਨੂੰ ਨੁਕਸਾਨ ਪੁੱਜ ਸਕਦਾ ਸੀ, ਹਾਲਾਂਕਿ ਅਜਿਹਾ ਹੋਣ ਤੋਂ ਬਚਾਅ ਰਿਹਾ। ਪਰਿਵਾਰ ਵਾਲਿਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਨੂੰ ਖਿਡੌਣੇ ਦੇਣ ਤੋਂ ਪਹਿਲਾਂ ਪੂਰਾ ਧਿਆਨ ਰੱਖਣ।
ਆਸਟ੍ਰੇਲੀਅਨ ਸਪਾਈਡਰ ਆਈਡੈਂਟੀਫਿਕੇਸ਼ਨ ਨੇ ਇਸ ਮੱਕੜੀ ਦੀ ਪਛਾਣ ਇਕ ਗੁੱਸੇਖੋਰ ਸ਼ਿਕਾਰੀ ਮੱਕੜੀ ਦੇ ਰੂਪ ਵਿਚ ਕੀਤੀ ਹੈ। ਆਸਟ੍ਰੇਲੀਅਨ ਸਪਾਈਡਰ ਆਈਡੈਂਟੀਫਿਕੇਸ਼ਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਅਜਿਹੀ ਮੱਕੜੀ ਦਿਖਾਈ ਦਿੰਦੀ ਹੈ ਤਾਂ ਇਸ ਤੋਂ ਬਚਣ ਲਈ ਇਕੋ ਰਾਹ ਹੈ ਕਿ ਇਸ ਨੂੰ ਪਰੇਸ਼ਾਨ ਨਾ ਕਰੋ। ਦੱਸ ਦਈਏ ਕਿ ਆਸਟ੍ਰੇਲੀਆ ਵਿਚ ਮੱਕੜੀਆਂ ਦਾ ਵੱਖਰਾ ਹੀ ਸੰਸਾਰ ਹੈ, ਜੋ ਲੋਕਾਂ ਲਈ ਵੱਡੀ ਸਿਰਦਰਦੀ ਹਨ। ਦਰਵਾਜ਼ਿਆਂ ਦੇ ਖੂੰਜਿਆਂ 'ਚ ਲੁਕੀਆਂ ਮੱਕੜੀਆਂ ਕਦੋਂ ਇਨਸਾਨ ਉੱਤੇ ਹਮਲਾ ਕਰ ਦੇਣ, ਇਸ ਦਾ ਕੋਈ ਪਤਾ ਨਹੀਂ ਹੈ। ਇਸੇ ਲਈ ਇੱਥੇ ਲੋਕਾਂ ਨੂੰ ਮੱਕੜੀਆਂ ਤੋਂ ਬਚਾਅ ਰੱਖਣ ਲਈ ਵਧੇਰੇ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਵਿਚ 8 ਸਿਰਾਂ ਵਾਲੀ ਇਕ ਮੱਕੜੀ ਦਿਖਾਈ ਦਿੱਤੀ ਸੀ।