ਆਰਥਿਕ ਤੰਗੀ ਨਾਲ ਜੂਝ ਰਿਹਾ ਪਾਕਿਸਤਾਨ ਆਪਣੇ ਲੋਕਾਂ ਨੂੰ ਬਿਜਲੀ ਦੇਣ ਵਿਚ ਵੀ ਨਾਕਾਮ ਸਾਬਤ ਹੋ ਰਿਹਾ ਹੈ। ਇਸ ਦਾ ਸਬੂਤ ਉਦੋਂ ਮਿਲਿਆ ਜਦੋਂ ਸ਼ਨੀਵਾਰ ਰਾਤ 11:41 ਵਜੇ ਚੋਂ ਲੱਗਭੱਗ ਦੋ ਘੰਟੇ ਤਕ ਦੇਸ਼ ਦੀ 21 ਕਰੋੜ ਆਬਾਦੀ ਨੂੰ ਹਨੇਰੇ ਵਿਚ ਵਕਤ ਗੁਜਾਰਨਾ ਪਿਆ। ਇਸ ਦੇ ਚੱਲਦੇ ਇਸਲਾਮਾਬਾਦ, ਲਾਹੌਰ, ਕਰਾਚੀ, ਪੇਸ਼ਾਵਰ ਅਤੇ ਰਾਵਲਪਿੰਡੀ ਸਮੇਤ ਸਾਰੇ ਅਹਿਮ ਸ਼ਹਿਰ ਪੂਰੀ ਤਰ੍ਹਾਂ ਹਨੇਰੇ ਵਿਚ ਡੁੱਬ ਗਏ। ਪੂਰੇ ਦੇਸ਼ ਵਿਚ ਅਚਾਨਕ ਹੋਏ ਇਸ ਬਲੈਕਆਊਟ ਨੇ ਸੋਸ਼ਲ ਮੀਡਿਆ ਉੱਤੇ ਕਈ ਅਫਵਾਹਾਂ ਦਾ ਦੌਰ ਚਾਲੂ ਕਰ ਦਿੱਤਾ। ਪਾਕਿਸਤਾਨੀ ਮੀਡੀਆ ਰਿਪੋਰਟਾਂ ਵਿਚ ਐਤਵਾਰ ਨੂੰ ਇਹ ਜਾਣਕਾਰੀ ਮਿਲੀ।
ਪਾਕਿਸਤਾਨੀ ਮੀਡੀਆ ਰਿਪੋਰਟ ਵਿਚ ਅਧਿਕਾਰੀਆਂ ਦੇ ਹਵਾਲੇ ਨਾਲ ਐਤਵਾਰ ਨੂੰ ਦੱਸਿਆ ਕਿ ਕਈ ਸ਼ਹਿਰ ਐਤਵਾਰ ਸਵੇਰੇ ਤੱਕ ਪੂਰੀ ਤਰ੍ਹਾਂ ਨਾਲ ਹਨੇਰੇ ਵਿਚ ਡੁੱਬੇ ਰਹੇ। ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਹਮਜ਼ਾ ਸ਼ਫਕਤ ਨੇ ਕਿਹਾ ਕਿ ਨੈਸ਼ਨਲ ਟ੍ਰਾਂਸਮਿਸ਼ਨ ਐਂਡ ਡਿਸਪੈਚ ਕੰਪਨੀ ਸਿਸਟਮ ਦੀ ਟ੍ਰਿਪਿੰਗ ਦੇ ਕਾਰਨ ਬਲੈਕਆਊਟ ਹੋਇਆ। ਉਥੇ ਹੀ ਊਰਜਾ ਮੰਤਰੀ ਉਮਰ ਆਯੂਬ ਨੇ ਲੋਕਾਂ ਨੂੰ ਸਬਰ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਊਰਜਾ ਮੰਤਰਾਲਾ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਕਿ ਪਾਵਰ ਟ੍ਰਾਂਸਮਿਸ਼ਨ ਸਿਸਟਮ ਦੀ ਫ੍ਰਿਕਵੈਂਸੀ ਵਿਚ ਅਚਾਨਕ 50 ਤੋਂ 0 ਦੀ ਗਿਰਾਵਟ ਆਉਣ ਨਾਲ ਦੇਸ਼ ਭਰ ਵਿਚ ਬਲੈਕਆਊਟ ਹੋ ਗਿਆ।