ਪਾਕਿਸਤਾਨ 'ਚ ਪੈਟਰੋਲ ਇੰਨਾ ਮਹਿੰਗਾ ਕਿ ਲੋਕ ਗਧੇ 'ਤੇ ਬੈਠ ਦਫਤਰ ਆਉਣ ਲਈ ਹੋਏ ਮਜ਼ਬੂਰ

ਪਾਕਿਸਤਾਨ 'ਚ ਵੱਧ ਰਹੀ ਮਹਿੰਗਾਈ ਦੇ ਕਾਰਨ ਲੋਕ ਪਹਿਲਾਂ ਹੀ ਪ੍ਰੇਸ਼ਾਨ ਸਨ ਤੇ ਹੁਣ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਰਕੇ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਹਾਲ ਹੀ 'ਚ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 'ਚ 30 ਰੁਪਏ ਦਾ ਵਾਧਾ ਕੀਤਾ ਹੈ...

ਵੈਸੇ ਤਾਂ ਸਾਰੀ ਦੁਨੀਆ ਇਸ ਸਮੇਂ ਮਹਿੰਗਾਈ ਦੀ ਮਾਰ ਝੇਲ ਰਹੀ ਹੈ ਪਰ ਇਸ ਦਾ ਸਭ ਤੋਂ ਵੱਧ ਪ੍ਰਭਾਵ ਪਾਕਿਸਤਾਨ ਦੇ ਪੈਂਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ 'ਚ ਵੱਧ ਰਹੀ ਮਹਿੰਗਾਈ ਦੇ ਕਾਰਨ ਲੋਕ ਪਹਿਲਾਂ ਹੀ ਪ੍ਰੇਸ਼ਾਨ ਸਨ ਤੇ ਹੁਣ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਰਕੇ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਹਾਲ ਹੀ 'ਚ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 'ਚ 30 ਰੁਪਏ ਦਾ ਵਾਧਾ ਕੀਤਾ ਹੈ, ਜੋ ਲੋਕਾਂ ਨਾਲ ਸਰਾਸਰ ਧੱਕਾ ਹੈ। ਇਸਲਾਮਾਬਾਦ ਏਅਰਪੋਰਟ ਦੇ ਇੱਕ ਕਰਮਚਾਰੀ ਨੇ ਵਧਦੀਆਂ ਕੀਮਤਾਂ ਦਾ ਵਿਰੋਧ ਕਰਦੇ ਹੋਏ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਦੇ ਸਾਹਮਣੇ ਇੱਕ ਅਜੀਬ ਮੰਗ ਰੱਖੀ ਹੈ। ਮੁਲਾਜ਼ਮਾਂ ਦੀ ਮੰਗ ਹੈ ਕਿ ਉਸ ਨੂੰ ਗਧੇ 'ਤੇ ਸਵਾਰ ਹੋ ਕੇ ਦਫ਼ਤਰ ਆਉਣ ਦਿੱਤਾ ਜਾਵੇ।

ਜਾਣਕਾਰੀ ਮੁਤਾਬਿਕ ਡੀਜੀ ਸੀਏਏ ਨੂੰ ਲਿਖੇ ਆਪਣੇ ਪੱਤਰ ਵਿੱਚ ਆਸਿਫ ਇਕਬਾਲ ਨੇ ਕਿਹਾ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਸੰਭਵ ਨਹੀਂ ਹੈ ਕਿ ਉਹ ਆਪਣੇ ਤਰੀਕੇ ਨਾਲ ਦਫਤਰ ਆ ਸਕਣ। ਇਸ ਲਈ ਉਸ ਨੇ ਦਫ਼ਤਰ ਵਿੱਚ ਖੋਤਾ ਲੈ ਕੇ ਆਉਣ ਦੀ ਇਜਾਜ਼ਤ ਮੰਗੀ ਹੈ। ਦੇਸ਼ ਵਿਚ ਮਹਿੰਗਾਈ ਵਧਣ ਦੇ ਬਾਵਜੂਦ ਅਥਾਰਟੀ ਨੇ ਟਰਾਂਸਪੋਰਟ ਸਹੂਲਤ ਬੰਦ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ ਭੱਤਾ ਅਤੇ ਪਿਕ ਐਂਡ ਡਰਾਪ ਸੇਵਾ ਦੋਵੇਂ ਬੰਦ ਕਰ ਦਿੱਤੀਆਂ ਗਈਆਂ ਹਨ।


ਓਥੇ, CAA ਦੇ ਬੁਲਾਰੇ ਨੇ ਕਰਮਚਾਰੀਆਂ ਦੀ ਇਸ ਮੰਗ ਨੂੰ ਸਿਰਫ ਮੀਡੀਆ ਸਟੰਟ ਦੱਸਿਆ ਹੈ। ਬੁਲਾਰੇ ਨੇ ਗਧਾ-ਗੱਡੀ ਦੀ ਬਜਾਏ ਇਸਲਾਮਾਬਾਦ-ਰਾਵਲਪਿੰਡੀ ਮੈਟਰੋ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੱਤਰ ਮੀਡੀਆ ਦਾ ਧਿਆਨ ਖਿੱਚਣ ਲਈ ਹੀ ਲਿਖਿਆ ਗਿਆ ਹੈ।

ਜਿਕਰਯੋਗ ਹੈ ਕਿ ਜਿਨ੍ਹਾਂ ਮੁੱਦਿਆਂ 'ਤੇ ਸ਼ਾਹਬਾਜ਼ ਸਰਕਾਰ ਸੱਤਾ 'ਚ ਆਈ ਸੀ,ਜਿਨ੍ਹਾਂ ਮਸਲਿਆਂ ਤੇ ਇਨ੍ਹਾਂ ਨੇ ਇਮਰਾਨ ਖਾਨ ਨੂੰ ਘੇਰਿਆ ਸੀ, ਹੁਣ ਉਹੀ ਮੁੱਦੇ ਉਨ੍ਹਾਂ ਦੇ ਸਾਹਮਣੇ ਚੁਣੌਤੀ ਬਣ ਕੇ ਖੜ੍ਹੇ ਹਨ। ਨਵੀਂਆਂ ਕੀਮਤਾਂ ਮੁਤਾਬਕ ਪਾਕਿਸਤਾਨ 'ਚ ਹੁਣ ਪੈਟਰੋਲ 209.86 ਰੁਪਏ ਪ੍ਰਤੀ ਲੀਟਰ, ਹਾਈ-ਸਪੀਡ ਡੀਜ਼ਲ 204.15 ਰੁਪਏ, ਮਿੱਟੀ ਦਾ ਤੇਲ 181.95 ਰੁਪਏ ਅਤੇ ਲਾਈਟ ਡੀਜ਼ਲ 178.31 ਰੁਪਏ 'ਚ ਵਿਕ ਰਿਹਾ ਹੈ। ਸਰਕਾਰ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਤਿੱਖੀ ਆਲੋਚਨਾ ਹੋ ਰਹੀ ਹੈ।  

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ 30 ਰੁਪਏ ਦਾ ਵਾਧਾ ਕੀਤਾ ਹੈ, ਜਦੋਂ ਕਿ ਭਾਰਤ ਨੇ ਤੇਲ ਦੀਆਂ ਕੀਮਤਾਂ ਵਿੱਚ 25 ਰੁਪਏ ਦੀ ਕਟੌਤੀ ਕੀਤੀ ਹੈ। ਇਹ ਇੱਕ ਆਜ਼ਾਦ ਅਤੇ ਇੱਕ ਗੁਲਾਮ ਦੇਸ਼ ਵਿੱਚ ਫੈਸਲੇ ਲੈਣ ਵਿੱਚ ਅੰਤਰ ਨੂੰ ਦਰਸਾਉਂਦਾ ਹੈ।