ਸਰਬਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਝੂਠਾ ਭਰੋਸਾ ਦੇ ਕੇ ਚੁਕਵਾਉਣ ਲਈ ਕੈਪਟਨ ਅਮਰਿੰਦਰ ਨੂੰ ਤਨਖਾਹੀਆ ਘੋਸ਼ਿਤ ਕੀਤਾ

ਅਕਾਲ ਤਖਤ ਸਾਹਿਬ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇੰਨਸਾਫ ...

ਅਕਾਲ ਤਖਤ ਸਾਹਿਬ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇੰਨਸਾਫ ਵਾਸਤੇ ਚੱਲ ਰਹੇ, ਬਰਗਾੜੀ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਝੂਠਾ ਭਰੋਸਾ ਦੇਕੇ ਚੁਕਵਾਉਣ ਦੇ ਸਬੰਧ ਵਿੱਚ ਦੀਰਘ ਵਿਚਾਰ ਕੀਤਾ ਗਿਆ। ਪੰਜ ਸਿੰਘ ਸਾਹਿਬਾਨ ਇਸ ਸਿੱਟੇ ਉੱਤੇ ਪਹੁੰਚੇ ਹਨ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਇਸ ਮੋਰਚੇ ਨੂੰ ਖਤਮ ਕਰਨ ਵਾਸਤੇ ਸਾਜ਼ਿਸ਼ ਕੀਤੀ ਸੀ।

ਜਿਸ ਬਾਰੇ ਪੰਜਾਬ ਸਰਕਾਰ ਦੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਦੋ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸਪਸ਼ਟੀਕਰਨ ਵਿਚ ਸਪਸ਼ਟ ਕੀਤਾ ਹੈ ਕਿ ਸਾਰੀ ਜਿੰਮੇਵਾਰੀ ਮੁੱਖ ਮੰਤਰੀ ਦੀ ਹੀ ਸੀ। ਇਸ ਕਰਕੇ ਉਪਰੋਕਤ ਪੰਜ ਗਵਾਹਾਂ ਦੇ ਸਪਸ਼ਟੀਕਰਨ ਅਤੇ ਬਰਗਾੜੀ ਮੋਰਚੇ ਨੂੰ ਧੋਖੇ ਨਾਲ ਖਤਮ ਕਰਵਾਉਣ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹਦਾਇਤ ਕੀਤੀ ਗਈ ਸੀ ਕਿ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਕੇ, ਆਪਣਾ ਪੱਖ ਸਪਸ਼ਟ ਕਰਨ। 

ਪਰ ਵਾਰ ਵਾਰ ਮੌਕਾ ਦਿੱਤੇ ਜਾਣ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਆਉਣਾ ਵਾਜਿਬ ਨਹੀਂ ਸਮਝਿਆ ਸਗੋਂ ਇੱਕ ਚਿੱਠੀ ਭੇਜ ਕੇ ਤੱਥਾਂ ਨੂੰ ਹੋਰ ਰੂਪ ਦੇਕੇ ਅਕਾਲ ਤਖਤ ਸਾਹਿਬ ਅਤੇ ਗੁਰੂ ਪੰਥ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ। ਅੱਜ ਉਸ ਨੂੰ ਇੱਕ ਆਖਰੀ ਮੌਕਾ ਦਿੱਤਾ ਗਿਆ ਸੀ। ਪਰ ਕੈਪਟਨ ਅਮਰਿੰਦਰ ਸਿੰਘ ਨਹੀਂ ਆਏ। 

ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਅਤਿ ਸੰਵੇਦਨਸ਼ੀਲ ਮੁੱਦੇ ਉੱਤੇ ਚੱਲ ਰਹੇ ਮੋਰਚੇ ਨੂੰ ਤਾਰਪੀਡੋਂ ਕਰਨ ਦੇ ਦੋਸ਼ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਪੂਰਨ ਰੂਪ ਵਿਚ ਜਿੰਮੇਵਾਰ ਅਤੇ ਦੋਸ਼ੀ ਸਮਝਦਿਆਂ, ਅਕਾਲ ਤਖਤ ਸਾਹਿਬ ਵੱਲੋਂ ਪੁਰਾਤਨ ਚੱਲੀ ਆ ਰਹੀ ਮਰਿਯਾਦਾ ਅਤੇ ਮੀਰੀ ਪੀਰੀ ਦੇ ਸਿਧਾਂਤਾਂ ਅਨੁਸਾਰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ।

 ਸਮੁੱਚੇ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਗੁਰੂ ਗ੍ਰੰਥ ਸਾਹਿਬ ਉੱਤੇ ਭਰੋਸਾ ਰੱਖਣ ਵਾਲੇ ਸਾਰੇ ਅਵਾਮ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੰਨੀ ਦੇਰ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ਉੱਤੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਸਪਸ਼ਟੀਕਰਨ ਦੇਕੇ ਤਨਖਾਹ ਨਹੀਂ ਲਵਾਉਂਦੇ, ਓਨੀ ਦੇਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੀ ਗੁਰਦਵਾਰਾ ਸਾਹਿਬ ਜਾਂ ਸੰਗਤੀ ਇਕੱਠ ਵਿੱਚ ਨਾ ਬੋਲਣ ਦਿੱਤਾ ਜਾਵੇ ਅਤੇ ਨਾ ਹੀ ਕਿਸੇ ਕਿਸਮ ਦਾ ਸਹਿਯੋਗ ਅਤੇ ਕੋਈ ਮਾਣ ਸਨਮਾਨ ਦਿੱਤਾ ਜਾਵੇ। ਸਰਬਤ ਸੰਗਤ ਨੂੰ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਇਸ ਆਦੇਸ਼ ਦਾ ਪਾਲਣ ਕਰਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੋ।

ਦੂਜੇ ਗੁਰਮਤੇ ਰਾਹੀਂ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਬੇਅਦਬੀ ਦੇ ਮਾਮਲੇ ਵਿੱਚ ਚੱਲ ਰਹੀ ਕਾਰਵਾਈ ਦੀ ਰਫਤਾਰ ਮੱਠੀ ਹੋਣ ਉੱਤੇ ਚਿੰਤਾ ਜ਼ਾਹਿਰ ਕਰਦਿਆਂ, ਸਰਕਾਰ ਨੂੰ ਹਦਾਇਤ ਕੀਤੀ ਜਾਂਦੀ ਹੈ, ਕਿ ਬੇਅਦਬੀ ਦੇ ਸਬੰਧ ਵਿਚ ਸਰਕਾਰ ਆਪਣੇ ਵਾਹਦੇ ਮੁਤਾਬਿਕ, ਕਾਰਵਾਈ ਨੂੰ ਤੇਜ਼ ਕਰਕੇ ਆਪਣੇ ਰਹਿੰਦੇ ਰਾਜਕਾਲ ਵਿੱਚ ਦੋਸ਼ੀਆਂ ਨੂੰ ਸਜ਼ਾ ਦੇ ਮੁਕਾਮ ਉੱਤੇ ਪੁੱਜਦਾ ਕਰੇ। ਜੇ ਕਰ ਸਰਕਾਰ ਅਸਫਲ ਰਹਿੰਦੀ ਹੈ, ਤਾਂ ਚੋਣ ਜਾਬਤਾ ਲਾਗੂ ਹੋਣ ਸਮੇਂ ਇਹਨਾਂ ਮੰਤਰੀਆਂ ਦੇ ਵਿਰੁੱਧ ਵੀ ਪੰਥਕ ਰਵਾਇਤਾਂ ਅਨੁਸਾਰ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਇੱਕਤਰਤਾ ਕਰਕੇ ਗੁਰਮਤੇ ਰਾਹੀਂ ਸਖਤ ਫੈਸਲਾ ਲੈਣਗੇ। ਪਰ ਹਾਲੇ ਹਲਾਤਾਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਅਤੇ ਸਰਕਾਰ ਦੇ ਦੋਹਾਂ ਮੰਤਰੀ ਨੂੰ ਚੋਣ ਜਾਬਤੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।

Get the latest update about truescoop news, check out more about Capt Amarinder, amritsar, punjab & Sarbat Khalsa Jathedar Dhian Singh Mand

Like us on Facebook or follow us on Twitter for more updates.