ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਅਭਿਨੇਤਾ ਸਨੀ ਦਿਓਲ ਨੂੰ ਵਾਈ ਪਲੱਸ ਕੈਟੇਗਰੀ ਦੀ ਸੁਰੱਖਿਆ ਮਿਲੇਗੀ। ਹੁਣ ਉਨ੍ਹਾਂ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਮੌਜੂਦ ਰਹੇਗੀ। ਸੂਤਰਾਂ ਮੁਤਾਬਕ ਆਈ.ਬੀ. ਦੀ ਰਿਪੋਰਟ ਅਤੇ ਸਨੀ ਦਿਓਲ ਦੀ ਜਾਨ ਨੂੰ ਖਤਰੇ ਦੇ ਆਧਾਰ ਉੱਤੇ ਉਨ੍ਹਾਂ ਨੂੰ ਇਹ ਸੁਰੱਖਿਆ ਦਿੱਤੀ ਗਈ ਹੈ। ਸਨੀ ਦਿਓਲ ਨੂੰ ਜਿਸ ਕੈਟੇਗਰੀ ਦੀ ਸੁਰੱਖਿਆ ਮਿਲੀ ਹੈ, ਉਸ ਵਿਚ ਉਨ੍ਹਾਂ ਦੇ ਨਾਲ 11 ਜਵਾਨ ਹੋਣਗੇ। ਇਸ ਤੋਂ ਇਲਾਵਾ ਦੋ ਪੀ.ਐੱਸ.ਓ. ਵੀ ਉਨ੍ਹਾਂ ਦੇ ਨਾਲ ਰਹਿਣਗੇ।
ਦਿਓਲ ਦੀ ਸੁਰੱਖਿਆ ਅਜਿਹੇ ਵੇਲੇ ਵਿਚ ਵਧਾਈ ਗਈ ਹੈ, ਜਦੋਂ ਪੰਜਾਬ ਵਿਚ ਖੇਤੀਬਾੜੀ ਕਾਨੂੰਨਾਂ ਦਾ ਭਾਰੀ ਵਿਰੋਧ ਹੋ ਰਿਹਾ ਹੈ। ਸਨੀ ਦਿਓਲ ਨੇ ਅਪੀਲ ਕੀਤੀ ਸੀ ਕਿ ਕਿਸਾਨਾਂ ਅਤੇ ਉਨ੍ਹਾਂ ਦੀ ਸਰਕਾਰ ਦੇ ਵਿਚਾਲੇ ਕੋਈ ਨਾ ਆਵੇ। ਇਹ ਉਨ੍ਹਾਂ ਦਾ ਆਪਸੀ ਮਾਮਲਾ ਹੈ। ਦੋਵੇਂ ਪੱਖ ਗੱਲਬਾਤ ਰਾਹੀਂ ਹੱਲ ਕੱਢਣਗੇ। ਸੰਸਦ ਮੈਂਬਰ ਸਨੀ ਦਿਓਲ ਨੇ ਟਵਿੱਟਰ ਅਤੇ ਫੇਸਬੁੱਕ ਉੱਤੇ ਪਾਈ ਪੋਸਟ ਵਿਚ ਲਿਖਿਆ ਕਿ ਮੈਂ ਜਾਣਦਾ ਹਾਂ ਕਿ ਕਈ ਲੋਕ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਅਤੇ ਉਹ ਮਾਮਲੇ ਵਿਚ ਅੜਚਨ ਪਾ ਰਹੇ ਹਨ। ਅਜਿਹੇ ਲੋਕ ਕਿਸਾਨਾਂ ਦੇ ਬਾਰੇ ਵਿਚ ਬਿਲਕੁੱਲ ਨਹੀਂ ਸੋਚ ਰਹੇ। ਇਸ ਵਿਚ ਉਨ੍ਹਾਂ ਦਾ ਖੁਦ ਦਾ ਲਾਭ ਹੋ ਸਕਦਾ ਹੈ।
ਸੰਸਦ ਮੈਂਬਰ ਦਿਓਲ ਨੇ ਕਿਹਾ ਕਿ ਉਹ ਆਪਣੀ ਪਾਰਟੀ ਅਤੇ ਕਿਸਾਨਾਂ ਦੇ ਨਾਲ ਹਨ ਅਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਿਣਗੇ। ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਭਲੇ ਦੇ ਬਾਰੇ ਵਿਚ ਸੋਚਿਆ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਕੇ ਸਹੀ ਨਤੀਜੇ ਉੱਤੇ ਪਹੁੰਚੇਗੀ। ਦੱਸ ਦਈਏ ਕਿ ਦੇਸ਼ ਅਤੇ ਵਿਦੇਸ਼ ਵਿਚ ਵੱਸੇ ਪੰਜਾਬੀ ਇਨ੍ਹੀਂ ਦਿਨੀ ਕਿਸਾਨਾਂ ਦੇ ਸਮਰਥਨ ਵਿਚ ਆਵਾਜ਼ ਬੁਲੰਦ ਕਰ ਕੇ ਭਾਰਤੀ ਦੂਤ ਘਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।