ਟਰੂ ਸਕੂਪ ਸਪੈਸ਼ਲ : 5 ਸਦੀਆਂ ਬਾਅਦ ਵੀ ਨਹੀਂ ਟੁੱਟ ਸਕੀਆਂ ਜਾਤ-ਪਾਤ ਦੀਆਂ ਬੇੜੀਆਂ

ਗੁਰੂ ਗ੍ਰੰਥ ਸਾਹਿਬ ਦੇ 15ਵੇਂ ਅੰਗ 'ਤੇ ਦਰਜ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਦਰਜ ਇਸ ਤੁਕ ਤੋਂ ...

ਜਲੰਧਰ — ਗੁਰੂ ਗ੍ਰੰਥ ਸਾਹਿਬ ਦੇ 15ਵੇਂ ਅੰਗ 'ਤੇ ਦਰਜ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਦਰਜ ਇਸ ਤੁਕ ਤੋਂ ਇਹ ਸਪੱਸ਼ਟ ਹੈ ਕਿ 5 ਸਦੀਆਂ ਪਹਿਲਾਂ ਸਿੱਖ ਧਰਮ ਦੇ ਮੋਢੀ ਨੇ ਸਮਾਜ 'ਚੋਂ ਜਾਤ-ਪਾਤ ਅਤੇ ਵੱਡੇ ਛੋਟੇ ਦਾ ਭੇਦਭਾਵ ਮਿਟਾਉਣ ਅਤੇ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਦੀ ਜੋ ਸ਼ੁਰੂਆਤ ਕੀਤੀ ਸੀ। ਉਸ ਸੰਦੇਸ਼ ਫ਼ਲਸਫ਼ੇ ਅਤੇ ਸਿਧਾਂਤ ਨੂੰ ਅੱਜ ਤੱਕ ਮੁਕੰਮਲ ਤੌਰ 'ਤੇ ਲਾਗੂ ਨਹੀਂ ਕੀਤਾ ਜਾ ਸਕਿਆ। ਜਾਤ-ਪਾਤ ਵਿਤਕਰੇ ਅਤੇ ਛੋਟੇ ਵੱਡੇ ਦੀਆਂ ਕੰਧਾਂ ਪੰਜਾਬੀ ਅਤੇ ਸਿੱਖ ਸਮਾਜ 'ਚ ਜਿਉਂ ਦੀਆਂ ਤਿਉਂ ਕਾਇਮ ਹਨ। ਪੰਜਾਬ ਦੇ ਪਿੰਡਾਂ 'ਚ ਜਾਤੀ ਅਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਹਨ। ਸਿੱਖ ਗੁਰੂਆਂ ਦੀ ਇਸ ਧਰਤੀ ਉੱਪਰ ਵਿਤਕਰੇ ਦੇ ਮਾਮਲੇ 'ਚ ਉਦੋਂ ਕੋਈ ਵਾਰੀ ਮਾਮਲਾ ਹੱਦਾਂ ਬੰਨ੍ਹੇ ਟੱਪ ਜਾਂਦਾ ਹੈ, ਜਦੋਂ ਦਲਿਤ ਵਰਗ ਨੂੰ ਆਮ ਵਰਗ ਨਾਲ ਸਬੰਧਿਤ ਲੋਕਾਂ ਵੱਲੋਂ ਖੇਤਾਂ 'ਚ ਵੜਨ ਤੋਂ ਵਰਜ ਦਿੱਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮਾਜ 'ਚੋਂ ਸਮਾਜਿਕ ਨਾ-ਬਰਾਬਰੀ ਖ਼ਤਮ ਕਰਨ ਅਤੇ ਮਨੁੱਖਾਂ ਨੂੰ ਇਕ ਸਮਾਨ ਸਮਝਣ ਦਾ ਸੰਦੇਸ਼ ਦੇ ਉਪਦੇਸ਼ ਦਿੰਦਿਆਂ ਕਿਹਾ ਸੀ, ਅਵਲਿ ਅਲਹ ਨੂਰੁ ਉਪਾਇਆਾਂ ਕੁਦਰਤਿ ਕੇ ਸਭਿ ਬੰਦੇ£ ਏਕ ਨੂਰ 'ਤੇ ਸਭੁ ਜੁਗ ਉਪਜਿਆ ਕਉਨ ਭਲੇ ਕੇ ਮੰਦੇ। ਸਰਕਾਰ ਦਾ ਰਿਕਾਰਡ ਘੋਖਿਆਂ ਇਹ ਤੱਥ ਵੀ ਸਾਹਮਣੇ ਆਉਂਦੇ ਹਨ ਕਿ ਸੂਬੇ 'ਚ ਸਮਾਜਿਕ ਪੱਧਰ 'ਤੇ ਨਾ-ਬਰਾਬਰੀ ਵਾਲਾ ਮਾਹੌਲ ਕਾਇਮ ਰੱਖਣ ਦੇ ਨਾਲ-ਨਾਲ ਨਿੱਜੀ ਤੌਰ 'ਤੇ ਵੀ ਅਨਿਆ ਨੂੰ ਦੂਰ ਨਹੀਂ ਕੀਤਾ ਜਾ ਸਕਿਆ। ਇਸ ਅਧਿਐਨ ਅਨੁਸਾਰ ਦਲਿਤਾਂ ਨਾਲ ਅਨਿਆਂ, ਅੱਤਿਆਚਾਰ, ਜਾਤੀ ਆਧਆਰਿਤ ਵਿਤਕਰਾ ਅਤੇ ਹਰ ਤਰ੍ਹਾਂ ਦੀ ਧੱਕੇਸ਼ਾਹੀ ਹੋ ਰਹੀ ਹੈ। ਪੰਜਾਬ, ਦੇਸ਼ ਦਾ ਅਜਿਹਾ ਸੂਬਾ ਹੈ, ਜਿੱਥੇ ਦਲਿਤ ਵਸੋਂ ਸਭ ਤੋਂ ਵੱਧ ਹੈ। ਇਸ ਲਈ ਇਹ ਤੱਥ ਸਪੱਸ਼ਟ ਰੂਪ 'ਚ ਸਾਹਮਣੇ ਆਉਂਦਾ ਹੈ ਕਿ ਦਲਿਤਾਂ ਦੀਆਂ ਵੋਟਾਂ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਸਾਰੀਆਂ ਪਾਰਟੀਆਂ ਲਈ ਅਸਰਦਾਰ ਹੋ ਸਕਦੀਆਂ ਹਨ। ਪੰਜਾਬ 'ਚ ਪੰਚਾਇਤੀ ਜ਼ਮੀਨਾਂ ਨੂੰ ਦਲਿਤਾਂ ਦੇ ਹਿੱਸੇ ਵਜੋਂ ਕਾਨੂੰਨੀ ਤੌਰ 'ਤੇ ਵੀ ਪਟੇ  'ਤੇ ਦੇਣ ਦੀ ਵਿਵਸਥਾ ਹੋਣ ਦੇ ਬਾਵਜੂਦ ਹਰ ਸਾਲ ਦਲਿਤਾਂ ਨਾਲ ਧੱਕੇਸ਼ਾਹੀ ਦੇ ਮਾਮਲੇ ਸਾਹਮਣੇ ਆਉਂਦੇ ਹਨ।

ਦਲਿਤ ਨੌਜਵਾਨ ਕਤਲ ਕੇਸ : ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਹੁਕਮ

ਪੰਜਾਬ ਸਰਕਾਰ ਦੇ ਦਲਿਤਾਂ ਦੇ ਅਧਿਕਾਰਾਂ ਦੀ ਰਾਖੀ ਅਤੇ ਜ਼ਿਆਦਾਤੀਆਂ ਦਾ ਇਨਸਾਫ ਦਿਵਾਉਣ ਲਈ ਐੱਸ. ਸੀ. ਕਮਿਸ਼ਨ ਕਾਇਮ ਕੀਤਾ। ਕਮਿਸ਼ਨ ਕੋਲ ਪਹੁੰਚਦੀਆਂ ਸ਼ਿਕਾਇਤਾਂ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਇਸ ਧਰਤੀ 'ਤੇ ਦਲਿਤਾਂ ਦੀ ਹਾਲਤ 'ਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ। ਸਗੋਂ ਧੱਕੇਸ਼ਾਹੀ ਤੋਂ ਬਾਅਦ ਥਾਣਿਆਂ 'ਚ ਸੁਣਵਾਈ ਨਾ ਹੋਣ ਦੀਆਂ ਸ਼ਿਕਾਇਤਾਂ ਵੀ ਵਧ ਰਹੀਆਂ ਹਨ। ਸ਼ਿਕਾਇਤਾਂ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਧਰਤੀ 'ਤੇ ਸਿੱਖ ਗੁਰੂਆਂ ਵਲੋਂ ਲੋਕਾਂ ਨੂੰ ਜਾਤ-ਪਾਤ ਦੀਆਂ ਵਲਗਣਾਂ 'ਚੋਂ ਬਾਹਰ ਨਿਕਲ ਕੇ ਸੋਚਣ ਤੇ ਵਿਚਰਨ ਦਾ ਦਿੱਤਾ ਸੰਦੇਸ਼ ਜ਼ਿਆਦਾ ਅਸਰਦਾਰ ਸਾਬਤ ਨਹੀਂ ਹੋਇਆ। ਐੱਸ. ਸੀ. ਕਮਿਸ਼ਨਰ ਕੋਲ ਜ਼ਿਆਦਾ ਸ਼ਕਤੀਆਂ ਨਾ ਹੋਣ ਕਾਰਨ ਦਲਿਤਾਂ ਦੇ ਮਾਮਲੇ ਅੱਧ ਵਿਚੇਲਾ ਹੀ ਲਟਕੇ ਰਹਿ ਜਾਂਦੇ ਹਨ। ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੋਰ ਨੇ ਦੱਸਿਆ ਕਿ ਸਭ ਤੋਂ ਵੱਧ ਸ਼ਿਕਾਇਤਾਂ ਪੁਲਿਸ ਖਿਲਾਫ ਹੀ ਆਉਂਦੀਆਂ ਹਨ, ਸਗੋਂ ਝੂਠੇ ਕੇਸ ਵੀ ਗਰੀਬਾਂ 'ਤੇ ਹੀ ਦਰਜ ਕਰਦੀ ਹੈ। ਉਨ੍ਹਾਂ ਕਿਹਾ ਕਿ ਪੁਲਲਿਸ ਦਾ ਰਵੱਈਆ ਬਦਲਣ ਅਤੇ ਪੁਲਿਸ ਕਰਮਚਾਰੀਆਂ ਨੂੰ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਾਉਣ ਲਈ ਪੰਜਾਬ ਦੇ ਡੀ. ਜੀ. ਪੀ. ਨੂੰ ਲਿਖਤੀ ਰੂਪ 'ਚ ਕਿਹਾ ਗਿਆ ਹੈ ਕਿ ਹੇਠਲੇ ਪੱਧਰ 'ਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਣ। ਪੰਜਾਬ 'ਚ ਦਲਿਤਾਂ 'ਤੇ ਅਤਿੱਆਚਾਰ ਵਧਣ ਦੀ ਗਵਾਹੀ ਸਰਕਾਰੀ ਰਿਕਾਰਡ ਵੀ ਭਰਦਾ ਹੈ। ਜਾਣਕਾਰੀ ਅਨੁਸਾਰ ਸਾਲ 2004 ਤੋਂ 31 ਅਗਸਤ 2019 ਤੱਕ ਦਲਿਤਾਂ 'ਤੇ ਅੱਤਿਆਚਾਰ ਦੇ 21,935 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਸੰਗੀਨ ਅਪਰਾਧ ਵੀ ਸ਼ਾਮਲ ਹਨ। ਦਲਿਤਾਂ ਨਾਲ ਵਿਤਕਰਾ ਜਾਂ ਹੋਰ 5 ਹਜ਼ਾਰ ਤੋਂ ਵੱਧ ਘਟਨਾਵਾਂ ਨੂੰ ਕਮਿਸ਼ਨ ਵੱਲੋਂ ਵੱਖਰੇ ਤੌਰ 'ਤੇ ਦਰਜ ਕੀਤਾ ਗਿਆ ਹੈ। ਇਨ੍ਹਾਂ ਘਟਨਾਵਾਂ 'ਚ ਹਰ ਸਾਲ ਵਾਧਾ ਹੋ ਰਿਹਾ ਹੈ।

ਇਨਸਾਨੀਅਤ ਹੋਈ ਸ਼ਰਮਸਾਰ, ਪੜ੍ਹੋ ਸੰਗਰੂਰ ਦੀ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਇਹ ਖਬਰ  

ਕਮਿਸ਼ਨ ਦੇ ਅਧਾਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ 'ਚ ਦਲਿਤਾਂ ਖ਼ਿਲਾਫ ਅੱਤਿਆਚਾਰਾਂ ਦੀਆਂ ਘਟਨਾਵਾਂ ਦੇ ਜੋ ਵੇਰਵੇ ਕਮਿਸ਼ਨ ਕੋਲ ਦਰਜ ਹਨ, ਉਨ੍ਹਾਂ ਨੂੰ ਅੱਧੇ ਹੀ ਮੰਨਿਆ ਜਾਂਦਾ ਹੈ, ਕਿਉਂਕਿ ਇਹ ਮਾਮਲੇ ਉਹ ਹਨ, ਜਿਨ੍ਹਾਂ ਸਬੰਧੀ ਲੋਕਾਂ ਨੇ ਕਮਿਸ਼ਨ ਤੱਕ ਪਹੁੰਚ ਕਰ ਲਈ ਜਾਂ ਫਿਰ ਮੀਡੀਆ ਰਿਪੋਰਟ ਦੇ ਆਧਾਰ 'ਤੇ ਕਮਿਸ਼ਨ ਨੇ ਨੋਟਿਸ ਲੈ ਲਿਆ। ਐੱਸ. ਸੀ. ਕਮਿਸ਼ਨ ਅਨੁਸਾਰ ਸਾਲ 2004 'ਚ ਦਲਿਤਾਂ 'ਚੇ ਅੱਤਿਆਚਾਰ ਦੀਆਂ 354 ਘਟਨਾਵਾਂ ਵਾਪਰੀਆਂ। 2005 'ਚ 565. ਸਾਲ 2006 'ਚ 1014, ਸਾਲ 2006 'ਚ 651, ਸਾਲ 2008 'ਚ 508, ਸਾਲ 2009 'ਚ 517, 2010 'ਚ 788, ਸਾਲ 2011 'ਚ 745, 2012 ਤੋਂ ਦਲਿਤਾਂ ਵਿਰੁੱਧ ਅਪਰਾਧਾਂ 'ਚ ਇਕਦਮ ਵਾਧਾ ਹੋਣ ਲੱਗਿਆ। ਸਾਲ 2012 'ਚ 1065, 2013 'ਚ 2805, 2014 'ਚ 1912 ਤੇ ਸਾਲ 2015 'ਚ 1982 ਘਟਨਾਵਾਂ ਵਾਪਰੀਆਂ। ਐੱਸ. ਸੀ. ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 2016 'ਚ 1900, 2007 'ਚ 2435, 2018 'ਚ 1685 ਅਤੇ 31 ਅਗਸਤ 2019 ਤੱਕ 1148 ਸ਼ਿਕਾਇਤਾਂ ਪਹੁੰਚੀਆਂ। ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੈ ਕਿ ਦਲਿਤਾਂ ਖ਼ਿਲਾਫ ਅੱਤਿਆਚਾਰ ਦੇ ਮਾਮਲੇ ਪੰਜਾਬ 'ਚ ਤੇਜ਼ੀ ਨਾਲ ਵੱਧ ਰਹੇ ਹਨ। ਕਮਿਸ਼ਨ ਦਾ ਇਹ ਵੀ ਦਾਅਵਾ ਹੈ ਕਿ ਜ਼ਿਆਦਾਤੀਆਂ ਦਾ ਸ਼ਿਕਾਰ ਵੱਡੀ ਗਿਣਤੀ ਲੋਕ ਪੁਲਿਸ ਜਾਂ ਆਰਥਿਕ ਪੱਖੋਂ ਮਜ਼ਬੂਤ ਬੰਦਿਆਂ ਦੇ ਦਬਾਅ ਕਾਰਨ ਕਮਿਸ਼ਨ ਤੱਕ ਪਹੁੰਚ ਨਹੀਂ ਸਕਦੇ ਅਤੇ ਅਜਿਹੀਆਂ ਘਟਨਾਵਾਂ ਕਿਸੇ ਵੀ ਰਿਕਾਰਡ 'ਤੇ ਨਹੀਂ ਆਉਂਦੀਆਂ। ਅਹਿਮ ਤੱਥ ਇਹ ਵੀ ਹੈ ਕਿ ਪੰਜਾਬ 'ਚ ਦਲਿਤਾਂ ਦੀ ਅਬਾਦੀ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਵੱਧ ਹੈ। ਐੱਸ. ਸੀ. ਕਮਿਸ਼ਨ ਵਲੋਂ ਦਲਿਤ ਅੱਤਿਆਚਾਰ ਦੀਆਂ ਘਟਨਾਵਾਂ 'ਤੇ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਨੂੰ ਨੋਟਿਸ ਤਾਂ ਭੇਜਿਆ ਜਾਂਦਾ ਹੈ ਪਰ ਇਹ ਮਹਿਜ਼ ਰਸਮੀ ਕਾਰਵਾਈ ਹੀ ਬਣ ਕੇ ਰਹਿ ਗਈ ਹੈ।

Get the latest update about True Scoop News, check out more about National News, Caste, News In Punjabi & Punjab

Like us on Facebook or follow us on Twitter for more updates.