ਡੀਜੀਪੀ ਅਸਥਾਨਾ ਅਚਾਨਕ ਛੁੱਟੀ ਤੇ ਗਏ, ਡੀਜੀਪੀ ਦੇ ਛੁੱਟੀ ’ਤੇ ਜਾਣ ਦਾ ਕੋਈ ਅਸਰ ਨਹੀਂ: ਰੰਧਾਵਾ

ਪੰਜਾਬ ਦੇ ਵਧੀਕ ਡੀਜੀਪੀ ਅਸਥਾਨਾ ਦਾ ਅਚਾਨਕ ਛੁੱਟੀ ’ਤੇ ਜਾਣਾ ਰਹੱਸ ਹੀ ਨਹੀਂ ਸਗੋਂ ਸਰਕਾਰ ਲਈ ਚਿੰਤਾ ਦਾ ਵਿਸ਼ਾ ਵੀ....

ਪੰਜਾਬ ਦੇ ਵਧੀਕ ਡੀਜੀਪੀ ਅਸਥਾਨਾ ਦਾ ਅਚਾਨਕ ਛੁੱਟੀ ’ਤੇ ਜਾਣਾ ਰਹੱਸ ਹੀ ਨਹੀਂ ਸਗੋਂ ਸਰਕਾਰ ਲਈ ਚਿੰਤਾ ਦਾ ਵਿਸ਼ਾ ਵੀ ਬਣ ਗਿਆ ਹੈ। ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਅਸਥਾਨਾ ਨੇ ਵਿਭਾਗ ਨੂੰ ਮੈਡੀਕਲ ਛੁੱਟੀ ਭੇਜਦਿਆਂ ਸਿਹਤ ਠੀਕ ਨਾ ਹੋਣ ਦੀ ਗੱਲ ਕਹੀ। ਪੁਲਸ ਅਧਿਕਾਰੀ ਡਾਇਰੈਕਟਰ ਬਿਓਰੋ ਆਫ਼ ਇਨਵੈਸਟੀਗੇਸ਼ਨ ਵਜੋਂ ਤਾਇਨਾਤੀ ਕੁੱਝ ਦਿਨ ਪਹਿਲਾਂ ਹੀ ਕੀਤੀ ਗਈ ਸੀ। ਬੀਓਆਈ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਮਾਮਲੇ ’ਤੇ ਕਾਰਵਾਈ ਕਰਨ ਦੇ ਮਾਮਲੇ ’ਤੇ ਲਗਾਤਾਰ ਵਿਚਾਰ ਕੀਤ ਜਾ ਰਿਹਾ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ’ਤੇ ਮੁੱਖ ਮੰਤਰੀ ਵੱਲੋਂ ਅੱਜ ਸਵੇਰੇ ਇੱਕ ਮਹੱਤਵਪੂਰਨ ਮੀਟਿੰਗ ਰੱਖੀ ਗਈ, ਪਰ ਅਸਥਾਨਾ ਨੇ ਸਿਹਤ ਠੀਕ ਨਾ ਹੋਣ ਦੀ ਗੱਲ ਕਰਦੇ ਕਿਹਾ ਕਿ ਉਹ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕਦੇ ਤੇ ਛੁੱਟੀ ਦੀ ਮੰਗ ਕੀਤੀ। 

ਸੂਤਰਾਂ ਵਲੋਂ ਦੱਸਿਆ ਜਾ ਰਿਹੈ ਕਿ ਅਸਥਾਨਾ ਦੀ ਗ਼ੈਰ-ਮੌਜੂਦਗੀ ਕਾਰਨ ਇਹ ਮੀਟਿੰਗ ਕੱਦ ਹੋ ਗਈ। ਪੁਲਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਪਿਛਲੇ ਦੋ ਹਫ਼ਤਿਆਂ ਤੋਂ ਨਸ਼ਿਆਂ ਦੇ ਮਾਮਲੇ ’ਤੇ ਕਾਰਵਾਈ ਕਰਨ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਦੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਮੀਟਿੰਗਾਂ ਵਿੱਚ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ, ਐੱਸਟੀਐੱਫ ਮੁਖੀ ਹਰਪ੍ਰੀਤ ਸਿੰਘ ਸਿੱਧੂ, ਐੱਸ.ਕੇ. ਅਸਥਾਨਾ ਅਤੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਦਿ ਵੀ ਸ਼ਾਮਲ ਹੁੰਦੇ ਰਹੇ ਹਨ। 

ਸੂਤਰਾਂ ਨੇ ਦੱਸਿਆ ਕਿ ਕਈ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਨਸ਼ਿਆਂ ਦੇ ਮਾਮਲੇ ’ਤੇ ਕਾਰਵਾਈ ਲਈ ਪੁੱਛਿਆ ਗਿਆ ਤਾਂ ਜ਼ਿਆਦਾਤਰ ਨੇ ਜਵਾਬ ਨਹੀਂ ਦਿੱਤਾ। ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜ਼ਿਆਦਾਤਰ ਪੁਲਸ ਅਧਿਕਾਰੀ ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਅਜਿਹੀ ਕਾਰਵਾਈ ਤੋਂ ਬਚ ਰਹੇ ਹਨ। 

ਅਸਥਾਨਾ ਦੇ ਅਚਾਨਕ ਛੁੱਟੀ ’ਤੇ ਜਾਣ ਕਾਰਨ ਸਰਕਾਰ ਦੀ ਹਾਲਤ ਬੇਹੱਦ ਬੁਰੀ ਬਣ ਗਈ ਹੈ ਕਿਉਂਕਿ ਨਸ਼ਿਆਂ ਅਤੇ ਬੇਅਦਬੀ ਦੇ ਮਾਮਲੇ ’ਤੇ ਕਾਰਵਾਈ ਨਾ ਹੋਣ ਕਾਰਨ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਪਣੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਜਾ ਰਿਹਾ ਸਗੋਂ ਕੁੱਝ ਦਿਨ ਪਹਿਲਾਂ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਰਾਣਾ 'ਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਹੀ ਲੜਾਈ ਹੋ ਗਈ ਸੀ।  ਰਾਣਾ ਗੁਰਜੀਤ ਸਿੰਘ ਨੂੰ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ’ਤੇ ਕਾਰਵਾਈ ਨਾ ਹੋਣ ਸਬੰਧੀ ਪੁੱਛੇ ਜਾਣ ’ਤੇ ਦੋਵਾਂ ਮੰਤਰੀਆਂ ’ਚ ਲੜਾਈ ਵਧ ਗਈ ਸੀ। ਸਰਕਾਰ ਲਈ ਇਨ੍ਹਾਂ ਅਹਿਮ ਮੁੱਦਿਆਂ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣਾ ਚੁਣੌਤੀ ਬਣਦਾ ਜਾ ਰਿਹਾ ਹੈ। 

ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕਿਸੇ ਵੀ ਪੁਲਸ ਅਧਿਕਾਰੀ ਦੇ ਛੁੱਟੀ ’ਤੇ ਜਾਣ ਜਾਂ ਪੜਤਾਲ ਤੋਂ ਪਿਛੇ ਹਟਣ ਨਾਲ ਸਰਕਾਰ ਵੱਲੋਂ ਨਸ਼ਿਆਂ ਦੇ ਮਾਮਲੇ ’ਤੇ ਕੀਤੀ ਜਾਣ ਵਾਲੀ ਕਾਰਵਾਈ ’ਤੇ ਕੋਈ ਅਸਰ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ ਕਿ ਐੱਸ ਕੇ ਅਸਥਾਨਾ ਦੀ ਛੁੱਟੀ ਬਾਰੇ ਤਾਂ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ, ਪਰ ਵਧੀਕ ਡੀਜੀਪੀ ਦੇ ਛੁੱਟੀ ’ਤੇ ਜਾਣ ਨਾਲ ਕੀ ਫ਼ਰਕ ਪੈ ਸਕਦਾ ਹੈ ਕਿਉਂਕਿ ਕਾਰਵਾਈ ਤਾਂ ਇੱਕ ਸਬ-ਇੰਸਪੈਕਟਰ ਪੱਧਰ ਦਾ ਪੁਲਸ ਕਰਮਚਾਰੀ ਵੀ ਕਰ ਸਕਦਾ ਹੈ।

Get the latest update about SK Asthana, check out more about chief Navjot Sidhu, Bureau of Investigation, DGP & punjab news

Like us on Facebook or follow us on Twitter for more updates.