ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਹੋਏ ਗ੍ਰਿਫ਼ਤਾਰ, ਕਈ ਵੱਡੇ ਪੰਜਾਬੀ ਗਾਇਕਾਂ ਤੋਂ ਕੀਤੀ ਗਈ ਸੀ ਫਿਰੌਤੀ ਦੀ ਮੰਗ

ਮੁਹਾਲੀ ਪੁਲਸ ਵਲੋਂ ਦਵਿੰਦਰ ਬੰਬੀਹਾ ਗੈਂਗ ਦੇ 3 ਮੈਂਬਰਾਂ ਨੂੰ ਖਰੜ ਤੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 2 ਪਿਸਤੌਲ ਅਤੇ 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ .................

ਮੁਹਾਲੀ ਪੁਲਸ ਵਲੋਂ ਦਵਿੰਦਰ ਬੰਬੀਹਾ ਗੈਂਗ ਦੇ 3 ਮੈਂਬਰਾਂ ਨੂੰ ਖਰੜ ਤੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 2 ਪਿਸਤੌਲ ਅਤੇ 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ, ਜਸਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਸਬੰਧਤ ਥਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਅਤੇ ਹੋਰ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਉਨ੍ਹਾਂ ਦੇ ਹੋਰ ਸਾਥੀਆਂ ਦੀ ਨਿਸ਼ਾਨਦੇਹੀ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।

ਮੁਹਾਲੀ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ 13 ਅਗਸਤ ਨੂੰ ਸਿਟੀ ਖਰੜ ਥਾਣੇ ਦੇ ਐੱਸ. ਐੱਚ. ਓ. ਨੂੰ ਜਾਣਕਾਰੀ ਮਿਲੀ ਕਿ ਗੌਰਵ ਪਟਿਆਲ ਉਰਫ਼ ਲੱਕੀ ਅਤੇ ਉਸ ਦਾ ਭਰਾ ਸੌਰਵ ਪਟਿਆਲ ਉਰਫ਼ ਵਿੱਕੀ, ਜਸਵਿੰਦਰ ਸਿੰਘ ਅਤੇ ਮਨਦੀਪ ਸਿੰਘ ਬੰਬੀਹਾ ਗੈਂਗ ਦੇ ਮੈਂਬਰ ਹਨ, ਜੋ ਗ਼ੈਰ-ਕਾਨੂੰਨੀ ਹਥਿਆਰਾਂ ਦੇ ਨਾਲ ਲੈਸ ਰਹਿੰਦੇ ਹਨ। ਉਨ੍ਹਾਂ ਦੇ ਕਈ ਸਾਥੀ ਜੇਲ ਵਿਚ ਅਤੇ ਕਈ ਬਾਹਰ ਹਨ, ਜੋ ਅਪਰਾਧਿਕ ਗਤੀਵਿਧੀਆਂ ਕਰਦੇ ਰਹਿੰਦੇ ਹਨ। ਇਹ ਫਰਜ਼ੀ ਆਈ. ਡੀ. ਦੇ ਆਧਾਰ ’ਤੇ ਨੰਬਰ ਜਨਰੇਟ ਕਰ ਕੇ ਸੋਸ਼ਲ ਮੀਡੀਆ ’ਤੇ ਧਮਕੀਆਂ ਅਤੇ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਲੈਂਦੇ ਹਨ। ਗਿਰੋਹ ਦੇ ਮੈਂਬਰ ਆਪਣੇ ਵਿਰੋਧੀ ਗਿਰੋਹ ਦੇ ਲੋਕਾਂ ਨੂੰ ਮਾਰ ਕੇ ਆਪਣਾ ਪ੍ਰਭਾਵ ਆਮ ਲੋਕਾਂ ’ਤੇ ਪਾ ਰਹੇ ਹਨ, ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਸਕੇ। ਇਸ ਤੋਂ ਬਾਅਦ ਇਹ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਤੋਂ ਫਿਰੌਤੀ ਵਸੂਲਦੇ ਹਨ। ਫਿਰੌਤੀ ਵਜੋਂ ਵਸੂਲੀ ਗਈ ਰਕਮ ਨੂੰ ਇਹ ਲੋਕ 2 ਮਿਊਜ਼ਿਕ ਕੰਪਨੀਆਂ ਵਿਚ ਇਨਵੈਸਟ ਕਰਦੇ ਹਨ। ਇਹ ਗੈਂਗਸਟਰ ਦੂਜੇ ਗਾਇਕਾਂ ਤੋਂ ਜਬਰਨ ਘੱਟ ਕੀਮਤ ’ਤੇ ਗਾਣੇ ਲੈ ਕੇ ਆਪਣੇ ਵਲੋਂ  ਬਣਾਈਆਂ ਮਿਊਜ਼ਿਕ ਕੰਪਨੀਆਂ ਵਿਚ ਚਲਾਉਂਦੇ ਹਨ ਅਤੇ ਮੋਟੀ ਕਮਾਈ ਕਰਦੇ ਹਨ।

ਪੁੱਛਗਿਛ ਦੌਰਾਨ ਇਹ ਪਤਾ ਲੱਗਾ ਕਿ ਮੁਲਜ਼ਮ ਜਸਵਿੰਦਰ ਸਿੰਘ ਉਰਫ਼ ਖੱਟੂ ਹਿਸਟਰੀਸ਼ੀਟਰ ਹੈ। ਉਸ ਨੇ 2017 ਵਿਚ ਆਪਣੇ ਸਾਥੀਆਂ ਨਾਲ ਮਿਲ ਕੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦੇ ਭਤੀਜੇ ਐਡਵੋਕੇਟ ਅਮਰਪ੍ਰੀਤ ਸਿੰਘ ਸੇਠੀ ਦੀ ਹੱਤਿਆ ਕੀਤੀ ਸੀ। ਉਹ ਕੁਝ ਸਮਾਂ ਪਹਿਲਾਂ ਹੀ ਜੇਲ ’ਚੋਂ ਬਾਹਰ ਆਇਆ ਸੀ। ਹੁਣ ਉਹ ਲੱਕੀ ਨਾਲ ਮਿਲ ਕੇ ਬੰਬੀਹਾ ਗੈਂਗ ਦੀ ਮਦਦ ਕਰਦਾ ਹੈ। ਮੁਲਜ਼ਮ ਜਸਵਿੰਦਰ ਤੋਂ 32 ਬੋਰ ਦੀ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਨਦੀਪ ਸਿੰਘ ਪੀ. ਯੂ. ਵਿਚ ਪੜ੍ਹਦੇ ਸਮੇਂ ਤੋਂ ਗੌਰਵ ਪਟਿਆਲ ਦਾ ਦੋਸਤ ਸੀ। ਗਾਇਕ ਪਰਮੀਸ਼ ਵਰਮਾ ਨੂੰ ਦਿਲਪ੍ਰੀਤ ਸਿੰਘ ਬਾਬਾ, ਲੱਕੀ ਪਟਿਆਲ ਅਤੇ ਸੁਖਪ੍ਰੀਤ ਸਿੰਘ ਵੱਲੋਂ ਧਮਕੀ ਦੇਣ ਤੋਂ ਬਾਅਦ ਪੈਸੇ ਨਾ ਦੇਣ ’ਤੇ ਉਸ ’ਤੇ ਗੋਲੀ ਚਲਾ ਦਿੱਤੀ ਗਈ ਸੀ। ਇਸ ਤੋਂ ਬਾਅਦ ਮਨਪ੍ਰੀਤ ਦਾ ਨਾਂ ਇਸ ਮਾਮਲੇ ਵਿਚ ਮੁਲਜ਼ਮਾਂ ਨੂੰ ਸ਼ਰਨ ਦੇਣ ਲਈ ਸਾਹਮਣੇ ਆਉਣ ’ਤੇ ਉਹ ਦੁਬਈ ਚਲਾ ਗਿਆ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਉੱਥੋਂ ਪਰਤਣ ਤੋਂ ਬਾਅਦ ਇੱਥੇ ਲੁਕ ਕੇ ਰਹਿ ਰਿਹਾ ਸੀ। ਉਹ ਗਿਰੋਹ ਵੱਲੋਂ ਚਲਾਈ ਜਾ ਰਹੀ ਮਿਊਜ਼ਿਕ ਕੰਪਨੀ ਲਈ ਕੰਮ ਕਰ ਰਿਹਾ ਸੀ। ਉਸ ਕੋਲੋਂ 30 ਬੋਰ ਦੇ ਪਿਸਤੌਲ ਸਮੇਤ 4 ਕਾਰਤੂਸ ਬਰਾਮਦ ਕੀਤੇ ਗਏ ਹਨ।

ਮੁਲਜ਼ਮ ਅਰਸ਼ਦੀਪ ਸਿੰਘ 12ਵੀਂ ਤਕ ਪੜ੍ਹਿਆ ਹੈ। ਉਹ ਗਿਰੋਹ ਵੱਲੋਂ ਚਲਾਈ ਜਾ ਰਹੀ ਇਕ ਮਿਊਜ਼ਿਕ ਕੰਪਨੀ ਚਲਾਉਂਦਾ ਹੈ। ਜਿਸ ਸਮੇਂ ਬੰਬੀਹਾ ਗਿਰੋਹ ਨੇ ਗਾਇਕ ਪਰਮੀਸ਼ ਵਰਮਾ ਤੋਂ ਪੈਸਿਆਂ ਦੀ ਮੰਗ ਕੀਤੀ ਸੀ, ਉਸ ਸਮੇਂ ਅਰਸ਼ਦੀਪ ਉਸ ਕੇਸ ਵਿਚ ਮੁਲਜ਼ਮ ਪਾਇਆ ਗਿਆ ਸੀ। ਫਿਰ ਜਦੋਂ ਸੁਖਪ੍ਰੀਤ ਸਿੰਘ ਵੱਲੋਂ ਗਾਇਕ ਗਿੱਪੀ ਗਰੇਵਾਲ ਤੋਂ 23 ਲੱਖ ਰੁਪਏ ਫਿਰੌਤੀ ਮੰਗੀ ਗਈ ਸੀ ਤਾਂ ਉਸ ਕੇਸ ਵਿਚ ਵੀ ਅਰਸ਼ਦੀਪ ਮੁਲਜ਼ਮ ਸੀ। ਹੁਣ ਉਹ ਗੈਂਗਸਟਰਾਂ ਦੇ ਕਹਿਣ ’ਤੇ ਉਨ੍ਹਾਂ ਦੀਆਂ ਨਿੱਜੀ ਕੰਪਨੀਆਂ ਨੂੰ ਪ੍ਰਮੋਟ ਕਰਦਾ ਹੈ।

ਕੇਸ ਦੀ ਜਾਂਚ ਤਹਿਤ ਹੀ ਪੁਲਸ ਨੇ ਇਕ ਮਿਊਜ਼ਿਕ ਕੰਪਨੀ ਦੇ ਸੰਚਾਲਕ ਲੁਧਿਆਣਾ ਵਾਸੀ ਦਪਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਜਾਂਚ ਦੌਰਾਨ 2 ਮਿਊਜ਼ਿਕ ਕੰਪਨੀਆਂ ਤੋਂ ਇਲਾਵਾ ਵੀ ਕਈ ਮਿਊਜ਼ਿਕ ਕੰਪਨੀਆਂ ਸਬੰਧੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੂੰ ਵੱਖ-ਵੱਖ ਗੈਂਗਸਟਰ ਚਲਾ ਰਹੇ ਹਨ, ਜਿਨ੍ਹਾਂ ਵਿਚੋਂ ਕੁਝ ਭਗੌੜੇ ਚੱਲ ਰਹੇ ਹਨ ਅਤੇ ਕੁਝ ਜੇਲ ਵਿਚ ਬੰਦ ਹਨ। ਪੁਲਸ ਨੇ ਸੱਭਿਆਚਾਰਕ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਂਟੀ ਨੈਸ਼ਨਲ ਅਨਸਰਾਂ ਵੱਲੋਂ ਚਲਾਈਆਂ ਜਾ ਰਹੀਆਂ ਮਿਊਜ਼ਿਕ ਕੰਪਨੀਆਂ ਤੋਂ ਦੂਰੀ ਬਣਾ ਕੇ ਰੱਖਣ, ਜਿਸ ਨਾਲ ਉਹ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਵਿਚ ਸ਼ਾਮਲ ਹੋਣ ਤੋਂ ਬਚੇ ਰਹਿਣ।

Get the latest update about arrested, check out more about ransom demanded, truescoop news, three bambiha gangsters & chandigarh

Like us on Facebook or follow us on Twitter for more updates.