ਮੁੱਖ ਸਕੱਤਰ ਵੱਲੋਂ: ਸੂਬੇ 'ਚ ਪ੍ਰੋਗਰਾਮ `ਬਸੇਰਾ` ਤਹਿਤ 11,000 ਝੁੱਗੀ ਝੌਂਪੜੀ ਵਾਲਿਆਂ ਨੂੰ ਮਾਲਕਾਨਾ ਹੱਕ ਦੇਣ ਦੇ ਆਦੇਸ਼

ਝੁੱਗੀ ਝੌਂਪੜੀ ਵਾਲਿਆਂ ਲਈ ਆਪਣਾ ਖੁਦ ਦਾ ਮਕਾਨ ਹੋਣ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਪੰਜਾਬ ਦੀ ਮੁੱਖ ਸਕੱਤਰ..................

ਚੰਡੀਗੜ੍ਹ, 12 ਜੂਨ: ਝੁੱਗੀ ਝੌਂਪੜੀ ਵਾਲਿਆਂ ਲਈ ਆਪਣਾ ਖੁਦ ਦਾ ਮਕਾਨ ਹੋਣ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰੋਗਰਾਮ `ਬਸੇਰਾ` ਤਹਿਤ ਛੇ ਜ਼ਿਲ੍ਹਿਆਂ ਵਿਚ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ 1996 ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਪ੍ਰਵਾਨਗੀ ਅੱਜ ਇੱਥੇ ਬਸੇਰਾ ਯੋਜਨਾ ਤਹਿਤ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਸੰਚਾਲਨ ਕਮੇਟੀ ਦੀ ਤੀਸਰੀ ਮੀਟਿੰਗ ਵਿਚ ਦਿੱਤੀ ਗਈ।

ਸ਼ਹਿਰੀ ਖੇਤਰਾਂ ਵਿਚ ਸੂਬਾਈ ਸਰਕਾਰ ਦੀ ਜ਼ਮੀਨ `ਤੇ ਝੁੱਗੀਆਂ ਝੌਂਪੜੀਆਂ `ਚ ਰਹਿ ਰਹੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਯੋਜਨਾ ਸ਼ੁਰੂ ਕਰਨਾ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। 

ਝੁੱਗੀਆਂ ਝੌਂਪੜੀਆਂ ਵਿਚ ਰਹਿੰਦੇ ਜਿਹੜੇ 1996 ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਗਏ ਹਨ ਉਹ ਪਟਿਆਲਾ, ਲੁਧਿਆਣਾ, ਮਾਨਸਾ, ਫਿਰੋਜ਼ਪੁਰ, ਬਰਨਾਲਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਬਣੀਆਂ 24 ਝੁੱਗੀ ਝੌਂਪੜੀ ਵਾਲੀਆਂ ਥਾਵਾਂ `ਤੇ ਰਹਿ ਰਹੇ ਹਨ।

ਬਸੇਰਾ ਸਕੀਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਸਰਵੇਖਣ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ 11,000 ਹੋਰ ਝੁੱਗੀਆਂ ਝੌਂਪੜੀ ਵਾਲਿਆਂ ਨੂੰ ਮਾਲਕੀ ਅਧਿਕਾਰ ਦੇਣ ਦੀ ਪ੍ਰਕਿਰਿਆ ਜਲਦ ਤੋਂ ਜਲਦ ਮੁਕੰਮਲ ਕੀਤੀ ਜਾ ਸਕੇ।

ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਸਾਰੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਯੋਗ ਲਾਭਪਾਤਰੀਆਂ ਦੀ ਪਛਾਣ ਵਾਸਤੇ ਸਰਵੇਖਣ ਮੁਕੰਮਲ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਮਾਲਕੀ ਅਧਿਕਾਰ ਦਿੱਤੇ ਜਾ ਸਕਣ।

ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਗ੍ਰਹਿ ਅਨੁਰਾਗ ਅਗਰਵਾਲ, ਵਧੀਕ ਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਵਿੱਤ ਵਿਭਾਗ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਵਿਵੇਕ ਪ੍ਰਤਾਪ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Get the latest update about chief secretary, check out more about orders to give ownership, punjab, state under basera program & true scoop news

Like us on Facebook or follow us on Twitter for more updates.