ਮੁੱਖ ਮੰਤਰੀ ਵੱਲੋਂ ਪਿੰਡਾਂ 'ਚ ਕੋਵਿਡ ਨੂੰ ਰੋਕਣ ਲਈ 'ਕੋਵਿਡ ਫ਼ਤਿਹ ਪ੍ਰੋਗਰਾਮ' ਦਾ ਐਲਾਨ

ਉਤਰ ਪ੍ਰਦੇਸ਼ ਦੇ ਪਿੰਡਾਂ 'ਚ ਪੈਦਾ ਹੋਈ ਸਥਿਤੀ ਤੋਂ ਬਚਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ...............

ਉਤਰ ਪ੍ਰਦੇਸ਼ ਦੇ ਪਿੰਡਾਂ 'ਚ ਪੈਦਾ ਹੋਈ ਸਥਿਤੀ ਤੋਂ ਬਚਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ‘ਕੋਰੋਨਾ ਮੁਕਤ ਪਿੰਡ ਅਭਿਆਨ’ ਦੇ ਹਿੱਸੇ ਵਜੋਂ ਨਿਵੇਕਲੇ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ ਕੀਤਾ ਤਾਂ ਜੋ ਸੂਬੇ ਦੇ ਪੇਂਡੂ ਖੇਤਰਾਂ ਵਿਚ ਕੋਵਿਡ ਦੇ ਚਿੰਤਾਜਨਕ ਫੈਲਾਅ ਨੂੰ ਰੋਕਿਆ ਜਾ ਸਕੇ।

ਮੁੱਖ ਮੰਤਰੀ ਨੇ ਇਸ ਜੰਗ ਵਿਚ ਕਮਿਊਨਟੀ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ ਦੀ ਲੋੜ ਉਤੇ ਜ਼ੋਰ ਦਿੰਦਿਆਂ ਸਿਹਤ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿਚ ਸਾਰੇ ਭਾਈਚਾਰਿਆਂ ਨੂੰ ਲਾਮਬੰਦੀ ਕਰਨ ਲਈ ਵੱਡੇ ਪੱਧਰ ਉਤੇ ਮੁਹਿੰਮ ਵਿੱਢੀ ਜਾਵੇ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਿਚ ਕੋਵਿਡ ਦੇ ਖ਼ਤਰੇ ਬਾਰੇ ਜਾਗਰੂਕਤਾ ਮੁਹਿੰਮ ਵਿਚ ਸਮੁੱਚੇ ਸਟਾਫ਼ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੈਲਥ ਤੇ ਵੈਲਨੈਸ ਸੈਂਟਰਾਂ ਨੂੰ ਕੇਦਰ ਬਣਾ ਕੇ ਇਸ ਪ੍ਰੋਗਰਾਮ ਵਿਚ ਤੇਜ਼ੀ ਲਿਆਉਣ ਵਾਸਤੇ ਕਮਿਊਨਿਟੀ ਹੈਲ਼ਥ ਅਫਸਰਾਂ, ਪੰਚਾਇਤਾਂ, ਸਕੂਲ ਅਧਿਆਪਕਾਂ, ਆਂਗਣਵਾੜੀ ਤੇ ਆਸ਼ਾ ਵਰਕਰਾਂ, ਪਿੰਡਾਂ ਦੇ ਪੁਲਸ ਅਧਿਕਾਰੀਆਂ, ਯੂਥ ਵਲੰਟੀਅਰਾਂ ਆਦਿ ਦੀ ਲਾਮਬੰਦੀ ਕੀਤੀ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਖ਼ੁਸ਼ਹਾਲੀ ਦੇ ਰਾਖਿਆਂ (ਜੀ.ਓ.ਜੀ.) ਅਤੇ ਪੁਲਸ ਫੋਰਸ ਵੱਲੋਂ ਮਿਲ ਕੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੰਤਵ ਨਾਂ ਸਿਰਫ ਕਿਸੇ ਮਿੱਥ ਬਾਰੇ ਜਾਗਰੂਕਤਾ ਫੈਲਾਉਣਾ ਹੀ ਨਹੀਂ ਬਲਕਿ ਪੇਂਡੂ ਖੇਤਰਾਂ ਵਿਚ ਢੁੱਕਵੀਂ ਟੈਸਟਿੰਗ ਅਤੇ ਟੀਕਾਕਰਨ ਨੂੰ ਵੀ ਯਕੀਨੀ ਬਣਾਉਣਾ ਹੈ।

ਖੰਘ- ਬੁਖ਼ਾਰ ਆਦਿ ਲੱਛਣਾਂ ਨੂੰ ਲੋਕਾਂ ਵੱਲੋਂ ਹਲਕੇ ਵਿਚ ਲੈਣ ਦੀ ਪਹੁੰਚ ਅਤੇ ਸਮੇਂ ਸਿਰ ਰਿਪੋਰਟ ਨਾ ਕਰਨ ਨੂੰ ਸਭ ਤੋਂ ਵੱਡਾ ਮੁੱਦਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮਰੀਜ਼ਾਂ ਦੇ ਜਲਦੀ ਇਲਾਜ ਲਈ ਪ੍ਰਭਾਵਿਤ ਲੋਕਾਂ ਦੀ ਜਲਦੀ ਸ਼ਨਾਖ਼ਤ ਕਰਨ ਦਾ ਵੀ ਸੱਦਾ ਦਿੱਤਾ।

ਉਨ੍ਹਾਂ ਨਿਰਦੇਸ਼ ਦਿੱਤੇ ਕਿ ਬਿਮਾਰੀ ਦੇ ਲੱਛਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਮੁੱਢਲੀਆਂ ਦਵਾਈਆਂ ਜਿਵੇਂ ਕਿ ਪੈਰਾਸੀਟਾਮੋਲ, ਖੰਘ ਵਾਲੀ ਦਵਾਈ ਅਤੇ ਵਿਟਾਮਿਨ ਸੀ ਦਿੱਤਾ ਜਾਵੇ ਅਤੇ ਅਜਿਹੇ ਲੋਕਾਂ ਨੂੰ ਟੈਸਟ ਕਰਵਾਉਣ ਅਤੇ ਪਾਜ਼ੇਟਿਵ ਪਾਏ ਜਾਣ ਦੀ ਸੂਰਤ ਵਿਚ ਘਰਾਂ ਵਿਚ ਹੀ ਇਕਾਂਤਵਾਸ ਵਿਚ ਰਹਿਣ ਲਈ ਪ੍ਰੇਰਿਆ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਪੇਂਡੂ ਖੇਤਰਾਂ ਵਿਚ ਟੈਸਟਿੰਗ ਲਈ ਵਾਧੂ ਰੈਪਿਡ ਐਂਟੀਜਨ ਟੈਸਟ (ਰੈਟ) ਕਿੱਟਾਂ ਮੁਹੱਈਆ ਕਰਵਾਈਆਂ ਜਾਣ।

ਉਨ੍ਹਾਂ ਕਿਹਾ ਕਿ ਵਿਭਾਗ ਗ਼ੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਦੇ ਸਹਿਯੋਗ ਨਾਲ ਅਜਿਹੀਆਂ ਥਾਂਵਾਂ ਉਤੇ ਕੋਵਿਡ ਸੰਭਾਲ਼ ਕੇਂਦਰ (ਐਲ 1) ਖੋਲ੍ਹਣ ਉਤੇ ਵੀ ਵਿਚਾਰ ਕਰ ਰਿਹਾ ਹੈ ਜਿੱਥੇ ਲੋੜ ਹੋਵੇ।

Get the latest update about covid villages, check out more about cm, announces, rural covid conquest program & punjab

Like us on Facebook or follow us on Twitter for more updates.