ਪੰਜਾਬ ਸਰਕਾਰ ਉਦਯੋਗ ਮੁਖੀ ਰੋਜ਼ਗਾਰ ਕੋਰਸ ਪ੍ਰਦਾਨ ਕਰਕੇ ਪ੍ਰਤਿਭਾ ਪਲਾਇਨ ਨੂੰ ਰੋਕਣ ਲਈ ਵਚਨਬੱਧ: ਭਗਵੰਤ ਮਾਨ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.) ਦੇ ਪਹਿਲੇ ਕਨਵੋਕੇਸ਼ਨ ਸਮਾਰੋ...

ਬਠਿੰਡਾ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.) ਦੇ ਪਹਿਲੇ ਕਨਵੋਕੇਸ਼ਨ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇਸ ਵੱਕਾਰੀ ਸੰਸਥਾ ਤੋਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਸੂਬੇ `ਚੋਂ ਪ੍ਰਤਿਭਾ ਪਲਾਇਨ ਨੂੰ ਰੋਕਣ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਾ ਪਵੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਅਜਿਹਾ ਮਾਹੌਲ ਸਿਰਜਾਂਗੇ ਕਿ ਵਿਦੇਸ਼ਾਂ ਤੋਂ ਲੋਕ ਕੰਮ ਕਰਨ ਲਈ ਪੰਜਾਬ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਤਕਨੀਕੀ ਸਿੱਖਿਆ ਦਾ ਯੁੱਗ ਹੈ, ਇਸ ਲਈ ਮੌਜੂਦਾ ਸਿੱਖਿਆ ਨੂੰ ਰੋਜ਼ਗਾਰ ਦੀ ਹਾਣੀ ਬਣਾਉਣ ਦੀ  ਲੋੜ ਹੈ। ਪੰਜਾਬ ਵਿੱਚ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਵਾਸਤੇ ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਸਿਰਜਣ ਲਈ ਕੁਝ ਸਮਾਂ ਦੇਣ ਦੀ ਮੰਗ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਖਾਸ ਕਰਕੇ ਲੜਕੀਆਂ ਨੂੰ ਆਪਣੀ ਪਸੰਦ ਦੇ ਖੇਤਰ ਵਿੱਚ ਮੱਲਾਂ ਮਾਰਨ ਦੀ ਆਜ਼ਾਦੀ ਦੇਣ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ `ਤੇ ਨਿਰਭਰ ਹੋਣ ਦੀ ਬਜਾਏ ਖੁਦ ਨੂੰ ਸਾਬਤ ਕਰਨ ਲਈ ਖੁੱਲ੍ਹਾ ਮਾਹੌਲ ਪ੍ਰਦਾਨ ਕਰਨ ਜਿਸ ਨਾਲ ਉਨ੍ਹਾਂ ਦੇ ਹੁਨਰ ਨੂੰ ਮਜ਼ਬੂਤੀ ਮਿਲ ਸਕੇ।

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੈਕਨਾਲੋਜਿਸਟ ਸਮੱਸਿਆ ਹੱਲ ਕਰਨ ਵਾਲੇ ਹੁੰਦੇ ਹਨ ਜੋ ਮੁਸ਼ਕਿਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੁਖਾਲੇ, ਬਿਹਤਰ ਅਤੇ ਕਿਫ਼ਾਇਤੀ ਢੰਗ-ਤਰੀਕੇ ਤਲਾਸ਼ਦੇ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਰਗੇ ਵੱਕਾਰੀ ਇੰਸਟੀਚਿਊਟ ਇਨ੍ਹਾਂ ਚੁਣੌਤੀਆਂ ਨੂੰ ਪੂਰਾ ਕਰਨ ਵਾਸਤੇ ਟੈਕਨਾਲੋਜਿਸਟਾਂ ਨੂੰ ਤਿਆਰ ਕਰਦੇ ਹਨ।
ਉਨ੍ਹਾਂ ਨੌਜਵਾਨ ਟੈਕਨਾਲੋਜਿਸਟਾਂ ਨੂੰ ਸੱਦਾ ਦਿੱਤਾ ਕਿ ਉਹ ਰੋਜ਼ਗਾਰ ਦੇ ਮੌਕੇ ਲੱਭਣ ਦੀ ਬਜਾਏ ਰੋਜ਼ਗਾਰ ਸਿਰਜਣ ਵਾਲੇ ਬਣਨ। ਸਟਾਰਟ-ਅੱਪਜ਼ ਅਤੇ ਉੱਦਮੀਆਂ ਜ਼ਰੀਏ ਉਹ ਉੱਦਮ ਖੜ੍ਹੇ ਕਰ ਸਕਦੇ ਹਨ, ਜੋ ਦੇਸ਼, ਸਮਾਜ ਅਤੇ ਲੋਕਾਂ ਲਈ ਆਮਦਨੀ ਦਾ ਸਾਧਨ ਬਣਨਗੇ। ਉਨ੍ਹਾਂ ਨੇ ਐਮ.ਆਰ.ਐਸ.ਪੀ.ਟੀ.ਯੂ ਨੂੰ ਆਪਣੇ ਸਬੰਧਤ ਕਾਲਜਾਂ ਵਿੱਚ ਉੱਦਮਤਾ ਅਤੇ ਨਵੀਨਤਾ ਲਈ ਉਸਾਰੂ ਮਾਹੌਲ ਸਿਰਜਣ ਦਾ ਸੱਦਾ ਦਿੱਤਾ ਅਤੇ ਇਨੋਵੇਸ਼ਨ ਤੇ ਇਨਕਿਊਬੇਸ਼ਨ ਸੈਂਟਰਾਂ ਦੀ ਸਥਾਪਨਾ ਦੀ ਉਮੀਦ ਜਤਾਈ। 

ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਤਿੰਨ ਉੱਘੀਆਂ ਸ਼ਖ਼ਸੀਅਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਪਾਏ ਯੋਗਦਾਨ ਲਈ ਆਨਰੇਰੀ ਡਾਕਟਰੇਟ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਜਿਨ੍ਹਾਂ ਵਿੱਚ ਸਮਾਜ ਸੇਵੀ ਡਾ. ਐਸ.ਪੀ.ਐਸ.ਓਬਰਾਏ, ਉਦਯੋਗਪਤੀ ਰਾਜਿੰਦਰ ਗੁਪਤਾ ਅਤੇ ਇਸਰੋ ਦੇ ਸਾਬਕਾ   ਚੇਅਰਮੈਨ ਡਾ. ਰਾਧਾ ਕ੍ਰਿਸ਼ਨਨ (ਡਾਇਰੈਕਟਰ ਆਈ.ਆਈ.ਟੀ. ਰੋਪੜ ਡਾ. ਰਾਜੀਵ ਆਹੂਜਾ ਦੁਆਰਾ ਡਿਗਰੀ ਪ੍ਰਾਪਤ ਕੀਤੀ ਗਈ) ਸ਼ਾਮਲ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਗੋਲਡ ਮੈਡਲ ਪ੍ਰਦਾਨ ਕੀਤੇ ਜਦੋਂਕਿ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀਜ਼ ਦੇ ਚੇਅਰਮੈਨ ਵਿਕਾਸ ਗਰਗ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਮਆਰਐਸਪੀਟੀਯੂ ਦੁਆਰਾ ਉੱਨਤ ਤਕਨੀਕਾਂ ਵਿੱਚ ਸ਼ੁਰੂ ਕੀਤੇ ਗਏ 75 ਆਨਲਾਈਨ ਸਰਟੀਫਿਕੇਟ ਕੋਰਸਾਂ ਦਾ ਉਦਘਾਟਨ ਵੀ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਜਗਰੂਪ ਸਿੰਘ ਗਿੱਲ, ਬਲਜਿੰਦਰ ਕੌਰ, ਗੁਰਮੀਤ ਸਿੰਘ ਖੁੱਡੀਆਂ, ਗੁਰਪ੍ਰੀਤ ਸਿੰਘ ਬਣਾਂਵਾਲੀ, ਅਮਿਤ ਰਤਨ, ਮਾਸਟਰ ਜਗਸੀਰ ਸਿੰਘ ਅਤੇ ਬਲਕਾਰ ਸਿੱਧੂ, ਐੱਮ.ਆਰ.ਐੱਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਬੂਟਾ ਸਿੰਘ ਸਿੱਧੂ, ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਪ੍ਰੋ. ਰਘਵੇਂਦਰਨ ਪੀ. ਤਿਵਾੜੀ ਤੇ ਹੋਰ ਹਾਜ਼ਰ ਸਨ।

Get the latest update about PUNJAB GOVERNMENT, check out more about BHAGWANT MANN, INDUSTRIAL ORIGINAL EMPLOYMENT COURSES & TRUESCOOP NEWS

Like us on Facebook or follow us on Twitter for more updates.