ਪੁਲਸ ਨੇ ਮੰਨਾਪੁਰਮ ਫਾਇਨਾਂਸ ਵਿਖੇ ਲੁੱਟ ਦੀ ਗੁੱਥੀ ਸੁਲਝਾਈ, ਮੁਲਜ਼ਮ ਗ੍ਰਿਫ਼ਤਾਰ: ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ

ਕਮਿਸ਼ਨਰੇਟ ਪੁਲਸ ਵੱਲੋਂ ਅਰਬਨ ਅਸਟੇਟ ਵਿਖੇ ਮੰਨਾਪੁਰਮ ਫਾਇਨਾਂਸ ਵਿਚ ਹੋਈ ਸਨਸਨੀਖੇਜ਼ ਲੁੱਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿੱਥੇ 24...............

ਕਮਿਸ਼ਨਰੇਟ ਪੁਲਸ ਵੱਲੋਂ ਅਰਬਨ ਅਸਟੇਟ ਵਿਖੇ ਮੰਨਾਪੁਰਮ ਫਾਇਨਾਂਸ ਵਿਚ ਹੋਈ ਸਨਸਨੀਖੇਜ਼ ਲੁੱਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿੱਥੇ 24 ਜੁਲਾਈ ਨੂੰ ਵੱਡੀ ਮਾਤਰਾ ਵਿਚ ਸੋਨਾ ਅਤੇ 2.34 ਲੱਖ ਰੁਪਏ ਲੁੱਟ ਲਏ ਗਏ ਸਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਨੇ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਬਿਲਗਾਮ ਦੇ ਰਹਿਣ ਵਾਲੇ ਪ੍ਰਸ਼ਾਂਤ ਕੁਮਾਰ ਵਾਸੀ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜਾ ਆਪਣੇ ਚਚੇਰੇ ਭਰਾ ਦੀਪਕ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ ਸੀ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਟੀਮਾਂ ਵੱਲੋਂ ਵਾਰਦਾਤ ਵਿਚ ਵਰਤੀ ਗਈ ਜਾਅਲੀ ਨੰਬਰ ਪਲੇਟ ਵਾਲੀ ਇੱਕ ਮੋਟਰਬਾਈਕ ਵੀ ਬਰਾਮਦ ਕੀਤੀ ਗਈ ਹੈ । ਭੁੱਲਰ ਨੇ ਕਿਹਾ ਕਿ ਪੁਲਸ ਵੱਲੋਂ ਲੁੱਟ ਵਿਚ ਸ਼ਾਮਲ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਬਿਹਾਰ ਪੁਲਸ ਦੇ ਨਾਲ ਨਜ਼ਦੀਕੀ ਸੰਪਰਕ ਵਿਚ ਹੈ। 

ਮੁੱਢਲੀ ਜਾਂਚ ਵਿਚ ਪ੍ਰਸ਼ਾਂਤ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਵਿਚ ਰਾਜ ਮਿਸਤਰੀ ਅਤੇ ਫਲੋਰ ਟਾਇਲਾਂ ਫਿਟਿੰਗ ਦਾ ਕੰਮ ਕਰਦਾ ਸੀ, ਜਿੱਥੇ ਉਹ ਡੇਢ ਸਾਲ ਤੋਂ ਪਰਿਵਾਰ ਸਮੇਤ ਰਹਿ ਰਿਹਾ ਸੀ। ਪੁਲਸ ਕਮਿਸ਼ਨਰ ਨੇ ਕਿਹਾ ਕਿ ਦੀਪਕ ਆਪਣੇ ਸਾਥੀਆਂ ਦੇ ਨਾਲ ਤਿੰਨ ਬਾਈਕਾਂ ਅਤੇ ਇੱਕ ਕਾਰ ਲੈ ਕੇ 15 ਜੁਲਾਈ, 2021 ਨੂੰ ਪ੍ਰਸ਼ਾਂਤ ਪਾਸ ਪਹੁੰਚਿਆ ਅਤੇ ਪ੍ਰਸ਼ਾਂਤ ਨੇ ਉਨ੍ਹਾਂ ਲਈ ਕਿਰਾਏ ਦੇ ਮਕਾਨ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਇਨ੍ਹਾਂ ਲੁੱਟ ਦੀ ਸਾਜ਼ਿਸ਼ ਰਚੀ ਅਤੇ ਆਪਣੀ ਯੋਜਨਾ ਨੂੰ ਅੰਜਾਮ ਦਿੱਤਾ। 

ਸ਼੍ਰੀ ਭੁੱਲਰ ਨੇ ਦੱਸਿਆ ਕਿ ਇਹ ਸਾਰੇ 24 ਜੁਲਾਈ ਨੂੰ ਦੁਪਹਿਰ 3 ਵਜੇ ਦੇ ਕਰੀਬ ਮੰਨਾਪੁਰਮ ਫਾਇਨਾਂਸ ਦੀ ਬ੍ਰਾਂਚ ਵਿਚ ਗਏ, ਜਿੱਥੇ ਇਨ੍ਹਾਂ ਸਮੁੱਚੇ ਸਟਾਫ਼ ਨੂੰ ਬੰਦੂਕ ਦੀ ਨੋਕ 'ਤੇ ਲੈ ਕੇ ਉਨ੍ਹਾਂ ਨੂੰ ਸੇਫ਼ ਰੂਮ ਵਿਚ ਧੱਕ ਦਿੱਤਾ। ਇਸ ਤੋਂ ਬਾਅਦ ਇਹ ਵੱਡੀ ਮਾਤਰਾ ਵਿਚ ਸੋਨਾ ਅਤੇ 2.34 ਲੱਖ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਲੁੱਟ ਦੀ ਸਾਰੇ ਪਹਿਲੂਆਂ ਤੋਂ ਤਕਨੀਕੀ ਤੌਰ 'ਤੇ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਮੁਲਜ਼ਮ ਨੂੰ ਫੜਨ ਵਿਚ ਸਫ਼ਲਤਾ ਹਾਸਲ ਕੀਤੀ।

ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਤਕਨੀਕੀ ਅਤੇ ਹੋਰ ਖੁਫੀਆ ਜਾਣਕਾਰੀ ਰਾਹੀਂ ਮੁਲਜ਼ਮਾਂ ਅਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ ਅਤੇ ਅਖੀਰ ਸੁਲਤਾਨਪੁਰ ਲੋਧੀ ਦੇ ਮੁਹੱਲਾ ਜਵਾਲਾ ਸਿੰਘ ਨਗਰ ਪਹੁੰਚੀ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਸ਼ੰਕਰ ਵਿਚ ਮੁਲਜ਼ਮਾਂ ਦੇ ਇੱਕ ਹੋਰ ਠਿਕਾਣੇ ਦਾ ਵੀ ਪਤਾ ਲਗਾਇਆ ਗਿਆ ਹੈ, ਜਿੱਥੇ ਮੁਲਜ਼ਮ ਲੁੱਟ ਤੋਂ ਬਾਅਦ ਕੁਝ ਸਮੇਂ ਲਈ ਠਹਿਰੇ ਸਨ, ਇਮਾਰਤ ਪਿੰਡ ਫਤਿਹਪੁਰ ਦੇ ਵਸਨੀਕ ਅਮਰਜੀਤ ਸਿੰਘ ਦੀ ਹੈ।

ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਪਾਰਟੀਆਂ ਵੱਲੋਂ ਕਿਰਾਏ ਦੇ ਮਕਾਨ ਦੇ ਸੁਰਾਗਾਂ ਦਾ ਪਤਾ ਲਗਾਇਆ ਗਿਆ, ਜਿੱਥੇ ਸਾਰੇ ਮੁਲਜ਼ਮ 15 ਜੁਲਾਈ, 2021 ਨੂੰ ਸੁਲਤਾਨਪੁਰ ਲੋਧੀ ਵਿਚ ਠਹਿਰੇ ਸਨ, ਜਿਸ ਕਾਰਨ ਜਾਂਚ ਪ੍ਰਸ਼ਾਂਤ ਕੁਮਾਰ ਵੱਲ ਮੁੜੀ, ਜਿਸ ਵੱਲੋਂ ਮੁਲਜ਼ਮਾਂ ਲਈ ਉਕਤ ਕਮਰੇ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੁੱਟ ਤੋਂ ਬਾਅਦ ਪ੍ਰਸ਼ਾਂਤ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪੱਛਮੀ ਦਿੱਲੀ ਦੇ ਰਘਬੀਰ ਨਗਰ ਤੋਂ ਕਾਬੂ ਕੀਤਾ ਗਿਆ ।

ਪੁਲਸ ਕਮਿਸ਼ਨਰ ਨੇ ਕਿਹਾ ਕਿ ਲੁੱਟੇ ਹੋਏ ਸੋਨੇ ਨੂੰ ਬਾਜ਼ਾਰ ਵਿਚ ਵੇਚਣ ਤੋਂ ਬਾਅਦ ਪ੍ਰਸ਼ਾਂਤ ਨੂੰ ਆਪਣਾ ਹਿੱਸਾ ਮਿਲਣਾ ਸੀ, ਹਾਲਾਂਕਿ ਮੰਨਾਪੁਰਮ ਫਾਇਨਾਂਸ ਬ੍ਰਾਂਚ ਵਿਚੋਂ ਲੁੱਟੇ  2.34 ਲੱਖ ਰੁਪਏ ਵਿਚੋਂ 50,000 ਰੁਪਏ ਉਸ ਨੇ ਹਿੱਸੇ ਵਜੋਂ ਪ੍ਰਾਪਤ ਕਰ ਲਏ ਸਨ ।

ਪੁਲਸ ਕਮਿਸ਼ਨਰ  ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਸ ਟੀਮਾਂ ਵੱਲੋਂ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਹਰਮਿੰਦਰ ਸਿੰਘ ਸਮੇਤ ਇਸ ਵਾਰਦਾਤ ਨੂੰ ਸੁਲਝਾਉਣ ਲਈ ਨਿਯੁਕਤ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਦੇ ਟੀਮ ਵਰਕ ਦੀ ਸ਼ਲਾਘਾ ਕੀਤੀ, ਜਿਨ੍ਹਾਂ ਇਸ ਕੇਸ ਨੂੰ ਸੁਲਝਾਉਣ ਲਈ ਅਦਭੁਤ ਪੇਸ਼ੇਵਰ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ।

Get the latest update about punjab news, check out more about punjab crime news, Police solve robbery case, jalandhar news & Gurpreet Singh Bhullar

Like us on Facebook or follow us on Twitter for more updates.