ਕਪੂਰਥਲਾ ਪੁਲਸ: ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਵੱਡੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 20 ਕਿਲੋ ਹੈਰੋਇਨ ਜ਼ਬਤ, ਦੋ ਦੋਸ਼ੀ ਗ੍ਰਿਫਤਾਰ

ਜੇਲ੍ਹਾਂ ਵਿਚ ਬੰਦ ਖ਼ਤਰਨਾਕ ਗੈਂਗਸਟਰਾਂ ਦੁਆਰਾ ਸ਼ੱਕੀ ਤੌਰ ’ਤੇ ਚਲਾਏ ਜਾ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ...........

ਜੇਲ੍ਹਾਂ ਵਿਚ ਬੰਦ ਖ਼ਤਰਨਾਕ ਗੈਂਗਸਟਰਾਂ ਦੁਆਰਾ ਸ਼ੱਕੀ ਤੌਰ ’ਤੇ ਚਲਾਏ ਜਾ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ, ਕਪੂਰਥਲਾ ਪੁਲਸ ਨੇ ਸੋਮਵਾਰ ਨੂੰ ਦੋ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ 100 ਕਰੋੜ ਰੁਪਏ ਦੀ ਕੀਮਤ ਦੀ 20 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਨਸ਼ਾ ਤਸਕਰਾਂ ਦੀ ਪਛਾਣ ਬਲਵਿੰਦਰ ਸਿੰਘ ਪਿੰਡ ਸਾਰੰਗਵਾਲ ਹੁਸ਼ਿਆਰਪੁਰ ਅਤੇ ਪੀਟਰ ਮਸੀਹ ਵਾਸੀ ਬਸਤੀ ਦਾਨਿਸ਼ਮੰਦਾ ਜਲੰਧਰ  ਵਜੋਂ ਹੋਈ ਹੈ। ਪੀਟਰ ਪਹਿਲਾਂ ਹੀ ਦੋ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਸੋਮਵਾਰ ਨੂੰ ਕਪੂਰਥਲਾ ਦੇ ਹਾਈ-ਟੈਕ ਢਿਲਵਾਂ ਪੁਲਸ ਨਾਕੇ ’ਤੇ ਇੱਕ ਟਰੱਕ ਅਤੇ ਇੱਕ ਹੁੰਡਈ ਆਈ 20 ਕਾਰ ਨੂੰ ਰੋਕਿਆ, ਜਿਨਾਂ ਦੀ ਤਲਾਸ਼ੀ ਲੈਣ ’ਤੇ ਤਸਕਰਾਂ ਦੇ ਕਬਜ਼ੇ’ ਚੋਂ 20 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ।

ਡੀਜੀਪੀ ਨੇ ਅੱਗੇ ਦਸਿਆ ਕਿ ਵਾਹਨਾਂ ਦੇ ਡਰਾਈਵਰਾਂ ਨੂੰ ਪੁਲਸ ਪਾਰਟੀ ਵੱਲੋਂ ਚੈਕ ਪੁਆਇੰਟ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ, ਪੁਲਸ ਵਲੋਂ ਉਨਾਂ ਨੂੰ ਥੋੜੀ ਦੇਰ ਪਿੱਛਾ ਕਰਨ ਤੋਂ ਬਾਅਦ ਹੀ ਮੌਕੇ ’ਤੇ ਕਾਬੂ ਕਰ ਲਿਆ ਗਿਆ।

ਡੀਜੀਪੀ ਨੇ ਦੱਸਿਆ ਕਿ ਉਨਾਂ ਦੇ ਸਰੀਰ ਦੀ ਜਾਂਚ ਦੌਰਾਨ ਪੁਲਸ ਨੇ ਉਨਾਂ ਦੇ ਨਿੱਜੀ ਕਬਜ਼ੇ ਅਤੇ ਉਨਾਂ ਦੇ ਦੋ ਵਾਹਨਾਂ ਵਿਚੋਂ 20 ਪੈਕਟ ਹੈਰੋਇਨ (ਪ੍ਰਤੀ ਇੱਕ ਕਿਲੋ) ਬਰਾਮਦ ਕੀਤੇ। ਐਸਐਸਪੀ ਕਪੂਰਥਲਾ, ਐਚਐਸ ਖੱਖ ਨੇ ਅੱਗੇ ਦੱਸਿਆ ਕਿ ਖੇਪ ਨੂੰ ਲੁਕਾਉਣ ਲਈ ਡਰੱਗ ਤਸਕਰਾਂ ਵੱਲੋਂ ਟਰੱਕ ਦੇ ਡਰਾਈਵਰ ਦੇ ਕੈਬਿਨ ਦੀ ਛੱਤ ਵਿਚ ਦੋ ਵਿਸ਼ੇਸ਼ ਬਕਸੇ ਬਣਾਏ ਗਏ ਸਨ।

ਡੀਜੀਪੀ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ, ਡਰੱਗ ਤਸਕਰਾਂ ਨੇ ਖੁਲਾਸਾ ਕੀਤਾ ਕਿ ਹੈਰੋਇਨ ਦੀ ਖੇਪ ਬਲਵਿੰਦਰ ਸਿੰਘ ਦੁਆਰਾ ਟਰੱਕ ਨੰਬਰ ਐਚਆਰ 55 ਕੇ 2510 ਵਿਚ ਸ੍ਰੀਨਗਰ ਦੀ ਪੂਰਮਰਾ ਮੰਡੀ ਤੋਂ ਤਸਕਰੀ ਕਰ ਕੇ ਲਿਆਂਦੀ ਗਈ ਸੀ ਅਤੇ ਪੀਟਰ ਮਸੀਹ ਨੇ ਉਸ ਤੋਂ ਖੇਪ ਪ੍ਰਾਪਤ ਕੀਤੀ ਸੀ।

ਡੀਜੀਪੀ ਨੇ ਕਿਹਾ ਕਿ ਪੁਲਸ ਨੂੰ ਇਸ ਮਾਮਲੇ ਵਿਚ ਨਾਰਕੋ-ਗੈਂਗਸਟਰ ਐਂਗਲ ਹੋਣ ਦਾ ਸ਼ੱਕ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਪੀਟਰ ਮਸੀਹ ਨੂੰ ਖ਼ਤਰਨਾਕ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਫਗਵਾੜਾ ਦੇ ਭਰਾ ਗਗਨਦੀਪ ਨੇ ਖੇਪ ਪ੍ਰਾਪਤ ਕਰਨ ਲਈ ਭੇਜਿਆ ਸੀ।

ਡੀਜੀਪੀ ਨੇ ਕਿਹਾ ਕਿ ਪੁਲਸ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੇਗੀ ਅਤੇ ਅੱਗੇ ਦੀ ਜਾਂਚ ਲਈ ਉਨਾਂ ਦੇ ਪੁਲਸ ਰਿਮਾਂਡ ਦੀ ਮੰਗ ਕਰੇਗੀ ਤਾਂ ਕਿ ਪੁਲਸ ਇਸ ਡਰੱਗ ਨੈਟਵਰਕ ਵਿਚ ਸ਼ਾਮਲ ਸਾਰੇ ਸੰਪਰਕਾਂ ਦਾ ਪਤਾ ਲਗਾ ਸਕੇ।

Get the latest update about two accused arrested, check out more about punjab, truescoop news, Kapurthala & police Big drug syndicate busted

Like us on Facebook or follow us on Twitter for more updates.