ਪੁਲਸ ਵੱਲੋਂ ਰੇਤ ਮਾਫੀਆ ਅਤੇ ਰੇਤ ਦੀ ਗ਼ੈਰ ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ

ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਤੇ ਨਵ-ਗਠਿਤ...............

ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਤੇ ਨਵ-ਗਠਿਤ ਇਨਫ਼ੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਵਲੋਂ ਗ਼ੈਰ ਕਾਨੂੰਨੀ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਸ ਨੇ ਜ਼ਿਲ੍ਹੇ ਵਿਚ ਰੇਤ ਦੀ ਗ਼ੈਰ ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ।

ਸੂਬੇ ਵਿਚ ਗ਼ੈਰ ਕਾਨੂੰਨੀ ਖਣਨ ਦੀਆਂ ਘਟਨਾਵਾਂ ਨੂੰ ਕਰੜੇ ਹੱਥੀਂ ਨਜਿੱਠਣ ਬਾਰੇ ਦੁਹਰਾਉਂਦਿਆਂ ਸ੍ਰੀ ਆਰ.ਐਨ. ਢੋਕੇ, ਇਨਫ਼ੋਰਸਮੈਂਟ ਡਾਇਰੈਕਟਰ, ਮਾਈਨਿੰਗ, ਪੰਜਾਬ ਨੇ ਦੱਸਿਆ ਕਿ ਹਾਲ ਹੀ ਵਿੱਚ ਪਟਿਆਲਾ ਪੁਲਸ ਅਤੇ ਮਾਈਨਿੰਗ ਅਧਿਕਾਰੀਆਂ ਨੇ ਪਿੰਡ ਚਲੇਲਾ ਵਿਚ ਨਾਜਾਇਜ਼ ਮਾਈਨਿੰਗ ਵਾਲੀ ਥਾਂ ’ਤੇ ਛਾਪਾ ਮਾਰ ਕੇ ਇਕ ਜੇ.ਸੀ.ਬੀ. ਤੇ ਹੋਰ ਮਸ਼ੀਨਰੀ ਨੂੰ ਕਬਜ਼ੇ ਵਿਚ ਲਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਅਨਾਜ ਮੰਡੀ, ਪਟਿਆਲਾ ਵਿਖੇ ਆਈ.ਪੀ.ਸੀ. ਦੀ ਧਾਰਾ 379 ਅਤੇ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957 ਦੀ ਧਾਰਾ 4 (1), 21 (1) ਤਹਿਤ ਮਿਤੀ 15.4.2021 ਨੂੰ ਐਫ.ਆਈ.ਆਰ. ਨੰ.  74 ਤਹਿਤ ਅਪਰਾਧਕ ਕੇਸ ਦਰਜ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਵਿਚ ਨਾਮਜ਼ਦ ਮੁੱਖ ਮੁਲਜ਼ਮਾਂ ਵਿਚੋਂ ਇਕ ਓਮ ਪ੍ਰਕਾਸ਼ ਉਰਫ਼ ਉਮੀ ਪੁੱਤਰ ਗੋਰਾ ਲਾਲ ਵਾਸੀ ਪਟਿਆਲਾ ਹਾਲੇ ਫ਼ਰਾਰ ਹੈ ਜਦਕਿ ਉਸ ਦੇ ਨੇੜਲੇ ਸਾਥੀ ਗੁਰਸੇਵਕ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਸਿਉਣਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਜਾਂਚ ਟੀਮ ਗ਼ੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਹਰ ਵਿਅਕਤੀ ਨੂੰ ਛੇਤੀ ਕਾਬੂ ਕਰ ਕਰਕੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਅਗਲੇਰੀ ਲੋੜੀਂਦੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਈ.ਡੀ., ਮਾਈਨਿੰਗ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਸੀਂ ਆਪਣੇ ਅਧਿਕਾਰੀ ਅਲਰਟ ਕੀਤੇ ਹੋਏ ਹਨ ਅਤੇ ਜ਼ਿਲ੍ਹੇ ਵਿਚ ਅਜਿਹੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਨੂੰ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਨਾਜ ਮੰਡੀ ਪੁਲਸ ਨੇ ਜਾਂਚ ਦੌਰਾਨ ਜੇ.ਸੀ.ਬੀ. ਮਸ਼ੀਨ (ਪੀ.ਬੀ. 11 ਸੀ.ਬੀ. 6494), ਛੇ ਟਿੱਪਰ (ਨੰਬਰ ਪੀ.ਬੀ. 11 ਸੀ.ਟੀ. 9841, ਪੀ.ਬੀ. 11 ਬੀ.ਵਾਈ. 3994, ਪੀ.ਬੀ. 11 ਏ.ਯੂ. 9863, ਪੀ.ਬੀ. 11 ਸੀ.ਟੀ. 9841, ਪੀ.ਬੀ. 12 ਐਨ 8213,  ਪੀ.ਬੀ. 11 ਬੀ.ਵਾਈ. 2294, ਇਕ ਟਰੱਕ ਨੰਬਰ ਪੀ.ਬੀ. 11 ਬੀ.ਵਾਈ. 5194 ਅਤੇ ਦੋ ਟਰੈਕਟਰ ਤੇ ਤਿੰਨ ਟਰਾਲੀਆਂ ਜ਼ਬਤ ਕੀਤੀਆਂ ਹਨ।

ਐਸ.ਐਸ.ਪੀ ਨੇ ਦੱਸਿਆ ਕਿ ਫੋਕਲ ਪੁਆਇੰਟ ਖੇਤਰ ਵਿਚ ਪੁਲਸ ਵਲੋਂ ਨਾਜਾਇਜ਼ ਰੇਤ ਦੇ ਵਡੇ ਢੇਰ ਵੀ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਮਿਕਦਾਰ ਦਾ ਅਨੁਮਾਨ ਜਾਂਚ ਟੀਮ ਵਲੋਂ ਮਾਈਨਿੰਗ ਵਿਭਾਗ ਰਾਹੀਂ ਲਗਾਇਆ ਜਾਵੇਗਾ।

ਇਹ ਤੱਥ ਵੀ ਸਾਹਮਣੇ ਆਏ ਹਨ ਕਿ ਪਿੰਡ ਚਲੇਲਾ ਦੇ ਗੁਰਮੇਲ ਸਿੰਘ ਪੁੱਤਰ ਨਿਰੰਜਣ ਸਿੰਘ ਦੀ ਕਾਸ਼ਤ ਵਾਲੀ ਜ਼ਮੀਨ ਵਿਚ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ। ਇਸ ਲਈ ਪੁਲਸ ਨੇ ਉਸ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਹੈ।

ਇਨਫ਼ੋਰਸਮੈਂਟ ਡਾਇਰੈਕਟਰ ਸ੍ਰੀ ਢੋਕੇ ਨੇ ਦੱਸਿਆ ਕਿ ਈ.ਡੀ ਦੀ ਰੇਤ ਮਾਫੀਆ ਵਿਰੁੱਧ ਇਸ ਵੱਡੀ ਕਾਰਵਾਈ ਦੌਰਾਨ ਪਾਇਆ ਗਿਆ ਕਿ ਦੋਸ਼ੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਰੇਤ ਦੀ ਤਸਕਰੀ ਕਰ ਰਿਹਾ ਸੀ। ਸ਼੍ਰੀ ਢੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਸੂਬੇ ਵਿਚ ਗ਼ੈਰਕਾਨੂੰਨੀ ਮਾਈਨਿੰਗ ਦੀਆਂ ਘਟਨਾਵਾਂ ਨੂੰ ਕਰੜੇ ਹੱਥੀਂ ਨਜਿੱਠਣ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੇ ਸਪੱਸ਼ਟ ਆਦੇਸ਼ ਦਿਤੇ ਹੋਏ ਹਨ ਅਤੇ ਇਸ ਉਦੇਸ਼ ਦੀ ਪੂਰਤੀ ਲਈ ਸਾਡੀਆਂ ਟੀਮਾਂ ਦਿਨ-ਰਾਤ ਸਖ਼ਤ ਮਿਹਨਤ ਕਰ ਰਹੀਆਂ ਹਨ।

Get the latest update about strict, check out more about true scoop, punjab, and illegal & mining

Like us on Facebook or follow us on Twitter for more updates.