ਪੰਜਾਬ ਪੁਲਸ ਨੇ ਦੂਜੇ ਸੂਬਿਆਂ ਤੋਂ ਝੋਨੇ ਦੀ ਤਸਕਰੀ ਕਰਨ ਦੇ ਦੋਸ਼ 'ਚ 8 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ, 7260 ਕੁਇੰਟਲ ਝੋਨਾ ਅਤੇ 7 ਵਾਹਨ ਕੀਤੇ ਜ਼ਬਤ

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ 'ਤੇ, ਪੰਜਾਬ ਪੁਲਸ ਨੇ ਦੂਜੇ ਸੂਬਿਆਂ ਤੋਂ ਝੋਨੇ/ਚਾਵਲ ਦੀ ਗੈਰਕਾਨੂੰਨੀ...

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ 'ਤੇ, ਪੰਜਾਬ ਪੁਲਸ ਨੇ ਦੂਜੇ ਸੂਬਿਆਂ ਤੋਂ ਝੋਨੇ/ਚਾਵਲ ਦੀ ਗੈਰਕਾਨੂੰਨੀ ਤਸਕਰੀ ਵਿਰੁੱਧ ਕਾਰਵਾਈ ਸ਼ੁਰੂ ਕਰਦਿਆਂ, ਸੂਬੇ ਵਿਚ ਝੋਨਾ ਖਰੀਦ (3 ਅਕਤੂਬਰ, 2021) ਸ਼ੁਰੂ ਹੋਣ ਤੋਂ ਹੁਣ ਤੱਕ ਆਪਣੀ ਉਪਜ ਵੇਚਣ ਦੀ ਕੋਸ਼ਿਸ਼ ਕਰਨ ਵਾਲੇ 16 ਵਿਅਕਤੀਆਂ ਵਿਰੁੱਧ 8 ਐਫ.ਆਈ.ਆਰਜ਼. ਦਰਜ ਕੀਤੀਆਂ ਹਨ।

ਕਾਰਜਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵੱਲੋਂ ਮਾਨਸਾ, ਪਟਿਆਲਾ, ਕਪੂਰਥਲਾ, ਤਰਨਤਾਰਨ ਅਤੇ ਸੰਗਰੂਰ ਸਮੇਤ ਵੱਖ -ਵੱਖ ਜ਼ਿਲ੍ਹਿਆਂ ਵਿਚ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਅਤੇ ਉਹਨਾਂ ਕੋਲੋਂ 7260 ਕੁਇੰਟਲ ਝੋਨਾ/ਚੌਲ ਅਤੇ 7 ਵਾਹਨ/ਟਰੱਕ ਜ਼ਬਤ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ, ਕੁਝ ਬੇਈਮਾਨ ਤੱਤ ਦੂਜੇ ਸੂਬਿਆਂ ਤੋਂ ਸਸਤੇ ਭਾਅ ‘ਤੇ ਝੋਨਾ ਲਿਆ ਕੇ ਪੰਜਾਬ ਵਿੱਚ ਅਣਅਧਿਕਾਰਤ ਸਟੋਰੇਜ ਜਾਂ ਫਿਰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) 'ਤੇ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਬੋਗਸ ਬਿਲਿੰਗ ਆਦਿ ਵਰਗੇ ਗਲਤ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।

ਡੀਜੀਪੀ ਨੇ ਦੱਸਿਆ ਕਿ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਝੋਨੇ ਦੀ ਗੈਰਕਾਨੂੰਨੀ ਆਮਦ ਨੂੰ ਰੋਕਣ ਲਈ ਚੌਕਸੀ ਰੱਖਣ ਵਾਸਤੇ 94 ਅੰਤਰਰਾਜੀ ਨਾਕੇ ਲਗਾਉਣ ਤੋਂ ਇਲਾਵਾ ਪੰਜਾਬ ਪੁਲਸ ਦੀਆਂ ਵੱਖ-ਵੱਖ ਟੀਮਾਂ ਸੂਬੇ ਦੀਆਂ ਸਰਹੱਦਾਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਚੈਕਿੰਗ ਦੌਰਾਨ ਪੁਲਸ ਟੀਮਾਂ ਵੱਲੋਂ ਸੂਬੇ ਭਰ ਵਿੱਚ 1500 ਤੋਂ ਵੱਧ ਵਾਹਨਾਂ/ਟਰੱਕਾਂ ਦੀ ਚੈਕਿੰਗ ਕੀਤੀ ਗਈ ਹੈ।

ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਭਲਾਈ ਵਿਭਾਗ ਦੇ ਏਡੀਜੀਪੀ ਵੀ. ਨੀਰਜਾ ਨੂੰ ਸੂਬੇ ਵਿਚ ਅਣਅਧਿਕਾਰਤ ਅਨਾਜ ਅਤੇ ਝੋਨੇ ਦੀ ਰੋਕਥਾਮ ਲਈ ਅੰਤਰਰਾਜੀ ਨਾਕਿਆਂ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ ਹੁਣ ਤੱਕ ਕੁੱਲ 217547 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।

Get the latest update about for smuggling paddy, check out more about Police arrests 8 persons, Punjab, Deputy Chief Minister Sukhjinder Singh Randhawa & from other states

Like us on Facebook or follow us on Twitter for more updates.